ਗੜ੍ਹਦੀਵਾਲਾ (ਚੌਧਰੀ)
: ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਗੜ੍ਹਦੀਵਾਲਾ ਦੇ ਪ੍ਰਧਾਨ ਨੰਬਰਦਾਰ ਪਰਮਿੰਦਰ ਸਿੰਘ ਸਮਰਾ ਨੇ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਉਹਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਭਾਰਤ ਅਤੇ ਮਾਝੇ,ਦੋਆਬੇ ਦੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜੋ 19 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।ਉਸ ਵਿੱਚ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਗੜ੍ਹਦੀਵਾਲਾ ਵੱਲੋਂ ਵੀ ਭਾਰੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ।ਕਿਉਂਕਿ ਲੰਬੇ ਸਮੇਂ ਤੋਂ ਕਿਸਾਨ ਆਪਣੀ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਲਈ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਹਨ ਪਰ ਅਜੇ ਤੱਕ ਵੀ ਸਰਕਾਰ ਵੱਲੋਂ ਉਨ੍ਹਾਂ ਦੇ 61 ਰੁਪਏ ਦੀ ਸਬਸਿਡੀ ਬਕਾਇਆ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਮਿੱਲਾਂ ਦੇ ਬਕਾਇਆ ਸਬਸਿਡੀ 133 ਕਰੋੜ, ਸਹਿਕਾਰੀ ਮਿੱਲਾਂ ਦੇ 197 ਕਰੋੜ ਸੀਜ਼ਨ 2024-25 ਦਾ ਬਕਾਇਆ ਹੁਣ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਮਾਲੀ ਹਾਲਤ ਵਿੱਚ ਤਾਂ ਸੁਧਾਰ ਕੀ ਕਰਨਾ ਹੈ ਇਹ ਤਾਂ ਸਾਡੀ ਫ਼ਸਲ ਦੀ ਬਕਾਇਆ ਸਬਸਿਡੀ ਰਾਸ਼ੀ ਵੀ ਨਹੀਂ ਦੇ ਰਹੀ ।ਉਹਨਾਂ ਕਿਹਾ ਕਿ ਸਰਕਾਰ ਦੀਆਂ ਵਧੀਕੀਆਂ ਕਾਰਨ ਲੋਕਾਂ ਵਿੱਚ ਸਰਕਾਰ ਖਿਲਾਫ਼ ਰੋਸ ਦਿਨੋ-ਦਿਨ ਵੱਧ ਰਿਹਾ ਹੈ। ਪੰਜਾਬ ਵਾਸੀਆਂ ਨੇ ਇਸ ਸਰਕਾਰ ਨੂੰ ਭਾਰੀ ਸਮਰਥਨ ਦੇ ਕੇ ਸੱਤਾ ਵਿੱਚ ਲਿਆਦਾ ਸੀ ਪਰ ਇਹ ਵੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕੇ ਅਤੇ ਅੱਜ ਸਮਾਜ ਦਾ ਹਰ ਵਰਗ ਇਸ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਦੁੱਖੀ ਹੈ।ਉਨ੍ਹਾਂ ਵੱਲੋਂ ਦੱਸਿਆ ਗਿਆ ਕਿ 19 ਅਗਸਤ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਗੜ੍ਹਦੀਵਾਲਾ ਤੋਂ ਭਾਰੀ ਗਿਣਤੀ ਜਥਾ ਸ਼ਾਮਲ ਹੋਵੇਗਾ।








