ਹੁਸ਼ਿਆਰਪੁਰ, 2 ਅਗਸਤ (PPT NEWS)
–ਵੋਟਾਂ ਬਣਵਾਉਣ ਲਈ ਹੁਣ 16 ਸਤੰਬਰ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ
: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਗੁਰਦੁਆਰਾ ਬੋਰਡ ਚੋਣ ਹਲਕਿਆਂ ਵਿਚ ਵੋਟਰ ਸੂਚੀ ਦੀ ਤਿਆਰੀ ਦੀ ਪ੍ਰਕਿਰਿਆ ਤਹਿਤ 21 ਅਕਤੂਬਰ 2023 ਤੋਂ 31 ਜੁਲਾਈ 2024 ਤੱਕ ਜੋ ਵੋਟਰ ਰਜਿਸਟ੍ਰੇਸ਼ਨ ਦਾ ਕੰਮ ਲਗਾਤਾਰ ਚੱਲ ਰਿਹਾ ਸੀ, ਉਸ ਵਿਚ ਵਾਧਾ ਕੀਤਾ ਗਿਆ ਹੈ, ਜੋ ਕਿ ਹੁਣ 16 ਸਤੰਬਰ 2024 ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਤਾਜ਼ਾ ਸ਼ਡਿਊਲ ਅਨੁਸਾਰ 17 ਸਤੰਬਰ 2024 ਤੋਂ 8 ਅਕਤੂਬਰ 2024 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਪ੍ਰਿੰਟਿੰਗ ਹੋਵੇਗੀ। ਇਸ ਤੋਂ ਬਾਅਦ 9 ਅਕਤੂਬਰ 2024 ਨੂੰ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
ਉਨ੍ਹਾਂ ਇਹ ਵੀ ਦੱਸਿਆ ਕਿ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 29 ਅਕਤੂਬਰ 2024 ਹੋਵੇਗੀ। ਉਨ੍ਹਾਂ ਦੱਸਿਆ ਕਿ 8 ਨਵੰਬਰ 2024 ਤੱਕ ਦਾਅਵੇ ਅਤੇ ਇਤਰਾਜ਼ਾਂ ਨੂੰ ਸਿੱਖ ਗੁਰਦੁਆਰਾਂ ਬੋਰਡ ਚੋਣਾਂ 1959 ਦੇ ਰੂਲ ਨੰਬਰ 10 (3) ਅਨੁਸਾਰ ਦੂਰ ਕੀਤਾ ਜਾਵੇਗਾ। ਇਸ ਤੋਂ ਬਾਆਦ 25 ਨਵੰਬਰ 2024 ਨੂੰ ਸਪਲੀਮੈਂਟਰੀ ਸੂਚੀਆਂ ਦੀ ਤਿਆਰੀ ਅਤੇ ਪ੍ਰਿੰਟਿੰਗ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 26 ਨਵੰਬਰ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਿੱਖ ਗੁਰਦੁਆਰਾ ਇਲੈਕਸ਼ਨਜ਼ ਰੂਲਜ਼ 1959, ਜੋ ਕਿ ਸਮੇਂ-ਸਮੇਂ ਸਿਰ ਸੋਧੇ ਗਏ ਹਨ, ਦੇ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੋਰਡ ਚੋਣ ਹਲਕੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਚੋਣ ਹਲਕੇ ਲਈ ਬਿਨੈਕਾਰ ਪਾਸੋਂ ਦਾਅਵੇ/ਇਤਰਾਜ਼ ਪ੍ਰਾਪਤ ਕਰਨ, ਫ਼ੈਸਲੇ ਕਰਨ, ਵੋਟਰ ਸੂਚੀ ਤਿਆਰ ਕਰਨ, ਚੋਣਾਂ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ (ਬੋਰਡ) ਕਮੇਟੀ ਚੋਣ ਹਲਕਿਆਂ ਉਪ ਮੰਡਲ ਮੈਜਿਸਟਰੇਟ ਮੁਕੇਰੀਆਂ ਬੋਰਡ ਚੋਣ ਹਲਕਾ 111 ਮੁਕੇਰੀਆਂ, ਉਪ ਮੰਡਲ ਮੈਜਿਸਟਰੇਟ ਦਸੂਹਾ ਬੋਰਡ ਚੋਣ ਹਲਕਾ112 ਦਸੂਹਾ, ਕਮਿਸ਼ਨਰ ਨਗਰ ਨਿਗਮ, ਹੁਸ਼ਿਆਰਪੁਰ, ਬੋਰਡ ਚੋਣ ਹਲਕਾ 113 ਸ਼ਾਮਚੁਰਾਸੀ, ਉਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਬੋਰਡ ਚੋਣ ਹਲਕਾ 114 ਹੁਸ਼ਿਆਰਪੁਰ ਅਤੇ ਉਪ ਮੰਡਲ ਮੈਜਿਸਟਰੇਟ ਗੜ੍ਹਸ਼ੰਕਰ ਬੋਰਡ ਚੋਣ ਹਲਕਾ 115 ਗੜ੍ਹਸ਼ੰਕਰ ਬਤੌਰ ਰਿਵਾਇਜਿੰਗ ਅਥਾਰਟੀ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਲਈ ਕੋਈ ਵੀ ਜਾਇਜ਼ ਬਿਨੈਕਾਰ ਆਪਣਾ ਫਾਰਮ ਕੇਸਾਧਾਰੀ ਸਿੱਖ ਨਿਯਮ 3 (1) ਅਨੁਸਾਰ ਸਬੰਧਤ ਰਿਵਾਇਜਿੰਗ ਅਥਾਰਟੀ ਨੂੰ 16 ਸਤੰਬਰ 2024 ਤੱਕ ਭਰ ਕੇ ਦੇ ਸਕਦਾ ਹੈ। ਇਹ ਫਾਰਮ ਸਬੰਧਤ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਵੀ ਉਪਲਬੱਧ ਹਨ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ Hoshiarpur.nic.in ਤੋਂ ਵੀ ਡਾਊਨਲੋਡ ਕਰਕੇ ਵਰਤੋਂ ਵਿਚ ਲਿਆਂਦੇ ਜਾ ਸਕਦੇ ਹਨ।








