ਕੰਢੀ ਨਹਿਰ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ
–ਅਧਿਕਾਰੀਆਂ ਸਮੇਤ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਬਣਾਈ ਜਾਵੇਗੀ ਸਬ-ਕਮੇਟੀ
ਹੁਸ਼ਿਆਰਪੁਰ, 10 ਜੂਨ(ਬਿਊਰੋ) : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਸਬੰਧਤ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਕੰਢੀ ਕੈਨਾਲ ਨੂੰ ਚਾਲੂ ਕਰਨ ਸਬੰਧੀ ਸੁਝਾਅ ਲਏ ਗਏ। ਇਸ ਮੌਕੇ ਐਸ.ਐਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਕੰਢੀ ਕੈਨਾਲ ਨੂੰ ਚਾਲੂ ਕੀਤਾ ਜਾਵੇਗਾ ਅਤੇ ਇਸ ਸਬੰਧੀ ਕਿਸੇ ਵੀ ਪ੍ਰਕਾਰ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਸਬ-ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਬ-ਕਮੇਟੀ ਇਕ ਐਕਸ਼ਨ ਪਲਾਨ ਤਿਆਰ ਕਰੇਗੀ, ਜੋ ਸਬੰਧਤ ਮਹਿਕਮੇ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕੰਢੀ ਕੈਨਾਲ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਜਾ ਕੇ ਜਲਦੀ ਹੀ ਇਰੀਗੇਸ਼ਨ ਗਰਾਊਂਡ ਵਾਟਰ ਰਿਚਾਰਜ ਸਬੰਧੀ ਪਲਾਨ ਤਿਆਰ ਕੀਤਾ ਜਾਵੇ, ਤਾਂ ਜੋ ਨਹਿਰ ਨੂੰ ਚਾਲੂ ਕਰਕੇ ਕੰਢੀ ਇਲਾਕੇ ਦੇ ਲੋਕਾਂ ਤੱਕ ਪਾਣੀ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਕੰਢੀ ਨਹਿਰ ਨੂੰ ਜ਼ਮੀਨੀ ਪੱਧਰ ’ਤੇ ਚੈਕ ਕਰਕੇ ਜਲਦੀ ਰਿਪੋਰਟ ਸੌਂਪੀ ਜਾਵੇ।
ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਕੰਢੀ ਨਹਿਰ ਦਾ ਪਾਣੀ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਹਨ। ਇਸ ਮੌਕੇ ਕਿਸਾਨ ਜਥੇਬੰਦੀਆਂ ਵਲੋਂ ਸੁਝਾਅ ਦਿੱਤੇ ਗਏ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸੁਝਾਵਾਂ/ਸਿਫਾਰਸ਼ਾਂ ਨੂੰ ਗਠਿਤ ਕੀਤੀ ਜਾ ਰਹੀ ਸਬ-ਕਮੇਟੀ ਵਿਚ ਵਿਚਾਰਿਆ ਜਾਵੇਗਾ, ਤਾਂ ਜੋ ਹਰ ਸਮੱਸਿਆ ਦਾ ਹੱਲ ਕਰਕੇ ਕੰਢੀ ਨਹਿਰ ਦਾ ਪਾਣੀ ਟੇਲ ਤੱਕ ਪਹੁੰਚਾਇਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਸ਼ਿਵ ਰਾਜ ਸਿੰਘ ਬੱਲ, ਐਸ.ਡੀ.ਐਮ. ਮੁਕੇਰੀਆਂ ਸ੍ਰੀ ਕੰਵਲਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਕੰਢੀ ਕੈਨਾਲ ਮੰਡਲ ਸ੍ਰੀ ਅਮਿਤ ਸੱਭਰਵਾਲ ਤੋਂ ਇਲਾਵਾ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਸ੍ਰੀ ਜੰਗਵੀਰ ਸਿੰਘ ਚੌਹਾਨ, ਪ੍ਰਧਾਨ ਬੀ.ਕੇ.ਯੂ. ਦੋਆਬਾ ਸ੍ਰੀ ਮਨਜੀਤ ਸਿੰਘ ਰਾਏ, ਕਨਵੀਨਰ ਕੰਢੀ ਸੰਘਰਸ਼ ਕਮੇਟੀ ਸ੍ਰੀ ਦਰਸ਼ਨ ਸਿੰਘ ਮੱਟੂ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਨੁਮਾਇੰਦੇ ਹਾਜ਼ਰ ਸਨ।








