ਸਾਵਧਾਨੀ ਅਤੇ ਅਵੇਅਰਨੇਸ ਹੀ ਡੇਂਗੂ,ਮਲੇਰੀਆ ਅਤੇ ਚਿਕਨਗੁਨੀਆ ਦਾ ਸਬ ਤੋਂ ਵੱਡਾ ਇਲਾਜ : ਡਾ ਰੁਬਿੰਦਰ ਕੌਰ
ਹਫ਼ਤੇ ਵਿੱਚ ਇਕ ਦਿਨ ਪੰਛੀਆਂ ਦੇ ਪਾਣੀ ਵਾਲੇ ਬਰਤਨਾਂ , ਕੂਲਰਾਂ ਨੂੰ ਸੁਕਾ ਕੇ ਦੁਬਾਰਾ ਭਰਿਆ ਜਾਵੇ
ਬੁਖਾਰ ਹੋਣ ਤੇ ਐਸਪਰੀਨ ਜਾਂ ਬਰੂਫਨ ਦੀ ਵਰਤੋਂ ਨਹੀਂ ਕੀਤੀ ਜਾਵੇ ਸਿਰਫ ਪੈਰਾਸਿਟਾਮੋਲ ਦੀ ਗੋਲੀ ਹੀ ਲਈ ਜਾਵੇ
ਪਠਾਨਕੋਟ 14 ਜੂਨ ( ਅਵਿਨਾਸ਼ ਸ਼ਰਮਾ,ਤਰੁਣ ) ਸਿਵਿਲ ਸਰਜਨ ਪਠਾਨਕੋਟ ਡਾ ਰੁਬਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਵੇਅਰਨੇਸ ਅਤੇ ਸਾਵਧਾਨੀ ਹੀ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਤੋਂ ਬਚਣ ਦਾ ਸਬ ਤੋਂ ਵੱਡਾ ਇਲਾਜ ਹੈ । ਉਨਾਂ ਕਿਹਾ ਕਿ ਡੇਂਗੂ, ਮਲੇਰੀਆ ਆਦਿ ਮੱਛਰ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਨਾਲ ਨਾਲ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਉਨਾਂ ਨੂੰ ਆਪਣਾ ਘਰ ਅਤੇ ਆਲਾ ਦੁਆਲਾ ਸਾਫ ਰੱਖਣਾ ਚਾਹੀਦਾ ਹੈੇ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਐਤਵਾਰ ਡਰਾਈ ਡੇਅ ਦੇ ਤੌਰ ’ਤੇ ਮਨਾਇਆ ਜਾਵੇ, ਤਾਂ ਜੋ ਹਰ ਘਰ ਵਿੱਚ ਮੌਜੂਦ ਕੂਲਰਾਂ,ਪੰਛੀਆਂ ਦੇ ਪਾਣੀ ਵਾਲੇ ਬਰਤਨਾਂ, ਫਰਿੱਜ ਦੀ ਬੈਕ ਸਾਈਡ ਟਰੇਅ , ਪਾਣੀ ਵਾਲੇ ਡਰੱਮ ਅਤੇ ਘੜੇ
ਆਦਿ ਦੀ ਸਫਾਈ ਕਰਕੇ ਸੁਕਾ ਕੇ ਦੁਬਾਰਾ ਭਰਿਆ ਜਾਵੇ । ਜੇਕਰ ਤੁਹਾਡੇ ਘਰ ਦੇ ਨੇੜੇ ਕੋਈ ਟੋਇਆ ਵਗੈਰਾ ਹੈ ਜਿਸ ਵਿਚ ਪਾਣੀ ਖੜ੍ਹਾ ਹੋਣ ਦਾ ਡਰ ਹੋਏ ਤਾਂ ਇਸ ਨੂੰ ਮਿੱਟੀ ਨਾਲ ਭਰ ਦਿੱਤਾ ਜਾਵੇ ਜਾਂ ਉਸ ਵਿੱਚ ਕਾਲਾ ਸੜਿਆ ਤੇਲ ਪਾ ਦਿੱਤਾ ਜਾਵੇ ਤਾਂ ਕਿ ਮੱਛਰ ਦਾ ਲਾਰਵਾ ਪਨਪ ਨਾਂ ਸਕੇ ।
ਕਿਉਂਕਿ ਡੇਂਗੂ ਦਾ ਮੱਛਰ ਹਫਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ ।
ਉਨਾਂ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਦੇ ਸਰੋਤ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਦੇ ਸਮੇਂ ਹੀ ਕੱਟਦਾ ਹੈ। ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ’ਤੇ ਦਾਣੇ ਅਤੇ ਖੁਜਲੀ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਤੋਂ ਖੂਨ ਵੱਗਣਾ, ਜੋੜਾਂ ਵਿੱਚ ਦਰਦ ਅਤੇ ਸੋਜ ਆਦਿ ਡੇਂਗੂ ਅਤੇ ਚਿਕਨਗੁਨੀਆ ਦੇ ਮੁੱਖ ਲੱਛਣ ਹਨ। ਉਨਾਂ ਦੱਸਿਆ ਕਿ ਸਾਵਧਾਨੀ ਦਾ ਪ੍ਰਯੋਗ ਕਰਕੇ ਅਸੀਂ ਇਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਉਨਾਂ ਦੱਸਿਆ ਕਿ ਮੱਛਰ ਦੇ ਕੱਟਣ ਤੋਂ ਬਚਣ ਲਈ ਦਿਨ ਦੇ ਸਮੇਂ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਾਏ ਜਾਣ, ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਅਤੇ ਚੰਗੀ ਤਰਾਂ ਬੰਦ ਕਰ ਕੇ ਰੱਖਿਆ ਜਾਵੇ, ਟੁੱਟੇ ਬਰਤਣਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖਿਆ ਜਾਵੇ, ਪਾਣੀ ਜਾਂ ਤਰਲ ਪਦਾਰਥ ਜ਼ਿਆਦਾ ਪੀਣਾ ਚਾਹੀਦਾ ਹੈ ਅਤੇ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਤੇਲ ਦਾ ਉਪਯੋਗ ਕਰਨਾ ਚਾਹੀਦਾ ਹੈ।
ਡਾ.ਰੁਬਿੰਦਰ ਕੋਰ ਨੇ ਕਿਹਾ ਕਿ ਬੁਖਾਰ ਹੋਣ ’ਤੇ ਐਸਪ੍ਰੀਨ ਅਤੇ ਬਰੁਫਿਨ ਨਾ ਲਓ, ਬੁਖਾਰ ਹੋਣ ’ਤੇ ਸਿਰਫ ਪੈਰਾਸੀਟਾਮੋਲ ਹੀ ਲਈ ਜਾਵੇ। ਜੇਕਰ ਕਿਸੇ ਨੂੰ ਕੰਬਣੀ ਨਾਲ ਤੇਜ ਬੁਖਾਰ, ਤੇਜ ਸਿਰਦਰਦ ਜਾਂ ਜੋੜਾਂ ਵਿੱਚ ਦਰਦ ਆਦਿ ਹੁੰਦਾ ਹੈ, ਤਾਂ ਨਜਦੀਕੀ ਸਿਹਤ ਕੇਂਦਰ ’ਤੇ ਤੁਰੰਤ ਸੰਪਰਕ ਕੀਤਾ ਜਾਵੇ। ਉਹਨਾਂ ਕਿਹਾ ਕਿ ਡੇਂਗੂ , ਮਲੇਰੀਆ ਅਤੇ ਚਿਕਨਗੁਣੀਆਂ ਦੇ ਪੀੜਤ ਮਰੀਜ਼ਾਂ ਲਈ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫਤ ਕੀਤੇ ਜਾਂਦੇ ਹਨ ।








