ਟਾਂਡਾ ਉੜਮੁੜ / ਦਸੂਹਾ (ਚੌਧਰੀ) : ਹਲਕਾ ਟਾਂਡਾ ਦੇ ਪਿੰਡ ਜਾਜਾ ‘ਚ ਦੇਰ ਰਾਤ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵੇਖਣ ਨੂੰ ਸਾਹਮਣੇ ਆਈ ਜਦੋਂ ਇਕ ਰਿਟਾਇਰਡ ਸੂਬੇਦਾਰ ਫੌਜੀ ਮਨਜੀਤ ਸਿੰਘ ਤੇ ਉਸ ਦੀ ਪਤਨੀ ਗੁਰਮੀਤ ਕੌਰ ਨੂੰ ਘਰ ਦੇ ਕਮਰੇ ਵਿਚ ਅੱਗ ਲਾ ਕੇ ਬੁਰੀ ਤਰ੍ਹਾਂ ਸਾੜ ਕੇ ਮਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਰਿਟਾਇਰਡ ਸੂਬੇਦਾਰ ਮਨਜੀਤ ਸਿੰਘ ਸਾਲ 2014 ਤੋਂ ਪਿੰਡ ਜਾਂਜਾ ‘ਚ ਆਪਣੇ ਬਣਾਏ ਮਕਾਨ ‘ਚ ਰਹਿ ਰਹੇ ਸਨ।
ਉਨ੍ਹਾਂ ਦਾ ਲੜਕਾ ਰਵਿੰਦਰ ਸਿੰਘ ਇੱਕ ਪਾਰਟੀ ਤੇ ਗਿਆ ਸੀ ਤੇ ਜਦੋਂ ਦੇਰ ਰਾਤ ਘਰ ਆਇਆ ਤਾਂ ਘਰ ਦੇ ਦਰਵਾਜ਼ੇ ਅੰਦਰੋਂ ਬੰਦ ਸੀ ਤੇ ਮਾਤਾ ਪਿਤਾ ਫੋਨ ਵੀ ਨਹੀਂ ਚੁੱਕ ਰਹੇ ਸਨ। ਉਹ ਕੰਧ ਟੱਪ ਘਰ ਅੰਦਰ ਵੜਿਆ ਤੇ ਧੱਕੇ ਨਾਲ ਕੁੰਡਾ ਖੋਲ ਅੰਦਰ ਵੇਖਿਆ ਤਾਂ ਮਾਤਾ ਪਿਤਾ ਦੀਆਂ ਅਧ ਸੜੀਆਂ ਲਾਸ਼ਾਂ ਬੈਡਰੂਮ ਚ ਪਈਆਂ ਹੋਈਆਂ ਸਨ। ਰਵਿੰਦਰ ਨੇ ਮੌਕੇ ‘ਤੇ ਪੁਲਿਸ ਨੂੰ ਇਤਲਾਹ ਦਿੱਤੀ। ਘਟਨਾ ਦੀ ਇਤਲਾਹ ਮਿਲਣ ਤੇ ਡੀਐਸਪੀ ਟਾਂਡਾ ਰਾਜ ਕੁਮਾਰ, ਐਸ ਐਚੳ ਟਾਂਡਾ ਸੁਰਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਤੇ ਲਾਸ਼ਾਂ ਕਬਜੇ ‘ਚ ਲੈ ਕੇ ਗੰਭੀਰਤਾ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ।