ਗੜ੍ਹਦੀਵਾਲਾ 6 ਨਵੰਬਰ (ਚੌਧਰੀ)
: ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ, ਗੜ੍ਹਦੀਵਾਲਾ ਵੱਲੋਂ ਵਿਦਿਆਰਥੀਆਂ ਲਈ ਚੰਡੀਗੜ੍ਹ ਵਿਖੇ ਇੱਕ ਰੋਮਾਂਚਕ ਅਤੇ ਗਿਆਨਵਰਧਕ ਵਿੱਦਿਅਕ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਛੱਤਬੀੜ ਚਿੜੀਆਘਰ ਦਾ ਦੌਰਾ ਕੀਤਾ। ਉੱਥੇ ਉਨ੍ਹਾਂ ਨੇ ਵੱਖ-ਵੱਖ ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਦੇਖਿਆ ਅਤੇ ਉਨ੍ਹਾਂ ਦੇ ਰਹਿਣ-ਸਹਿਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਨਾਲ ਵਿਦਿਆਰਥੀਆਂ ਵਿੱਚ ਜੰਗਲੀ ਜੀਵਾਂ ਦੀ ਸੰਭਾਲ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਹੋਈ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਚੰਡੀਗੜ੍ਹ ਦੇ ਪ੍ਰਸਿੱਧ ਰਾਕ ਗਾਰਡਨ ਦਾ ਦੌਰਾ ਕੀਤਾ। ਉੱਥੇ ਕਲਾਕਾਰ ਨੇਕ ਚੰਦ ਵੱਲੋ ਬੇਕਾਰ ਪਈਆਂ ਵਸਤੂਆਂ ਤੋਂ ਤਿਆਰ ਕੀਤੀਆਂ ਗਈਆਂ ਸੁੰਦਰ ਕਲਾਕ੍ਰਿਤੀਆਂ ਅਤੇ ਮੂਰਤੀਆਂ ਦੇਖ ਕੇ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ। ਇਸ ਦੌਰੇ ਨੇ ਉਨ੍ਹਾਂ ਨੂੰ ਰਚਨਾਤਮਕਤਾ, ਕਲਾ ਅਤੇ ਵਸਤੂਆਂ ਦੀ ਮੁੜ ਵਰਤੋਂ ਕਰਨ ਦੀ ਮਹੱਤਤਾ ਬਾਰੇ ਸਿੱਖਣ ਦਾ ਮੌਕਾ ਦਿੱਤਾ।
ਇਹ ਟੂਰ ਵਿਦਿਆਰਥੀਆਂ ਲਈ ਮਨੋਰੰਜਨ ਦੇ ਨਾਲ-ਨਾਲ ਗਿਆਨ ਪ੍ਰਾਪਤੀ ਦਾ ਵੀ ਇੱਕ ਵਧੀਆ ਸਾਧਨ ਸਾਬਤ ਹੋਇਆ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਇਸ ਯਾਤਰਾ ਦਾ ਖੂਬ ਆਨੰਦ ਮਾਣਿਆ ਅਤੇ ਯਾਦਗਾਰੀ ਪਲਾਂ ਨੂੰ ਆਪਣੇ ਮਨਾਂ ਵਿੱਚ ਸਾਂਭਿਆ। ਸਕੂਲ ਵੱਲੋਂ ਕਰਵਾਈਆਂ ਜਾਂਦੀਆਂ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।







