ਗੜ੍ਹਦੀਵਾਲਾ 17 ਅਕਤੂਬਰ (ਪ੍ਰਦੀਪ ਕੁਮਾਰ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਸ੍ਰੀ ਪ੍ਰਵੀਨ ਕੁਮਾਰ (ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (SEBI) ਅਧੀਨ ਪ੍ਰਮਾਣਿਤ ਸਮਾਰਟ (SMART) ਟ੍ਰੇਨਰ) ਨੇ ਵਿਦਿਆਰਥੀਆਂ ਨਾਲ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੈਸੇ ਦੀ ਸਹੀ ਵਰਤੋਂ, ਬੱਚਤ ਕਰਨ ਦੀ ਮਹੱਤਤਾ, ਵਿੱਤੀ ਯੋਜਨਾਬੰਦੀ ਅਤੇ ਨਿਵੇਸ਼ ਸਬੰਧੀ ਬੁਨਿਆਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਲਈ ਵਿੱਤੀ ਤੌਰ ‘ਤੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਆਪਣੇ ਪੈਸੇ ਸਬੰਧੀ ਸਹੀ ਫ਼ੈਸਲੇ ਲੈ ਸਕੇ ਅਤੇ ਵਿੱਤੀ ਧੋਖਾਧੜੀ ਤੋਂ ਬਚ ਸਕੇ। ਸ੍ਰੀ ਪ੍ਰਵੀਨ ਕੁਮਾਰ ਨੇ ਸਾਈਬਰ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ ਆਨਲਾਈਨ ਧੋਖਾਧੜੀ, ਫਰਜ਼ੀ ਕਾਲਾਂ, ਸ਼ੱਕੀ ਲਿੰਕਾਂ, ਫਿਸ਼ਿੰਗ ਅਤੇ ਡਿਜੀਟਲ ਭੁਗਤਾਨਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਦੱਸਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਡਿਜ਼ੀਟਲ ਯੁੱਗ ਵਿੱਚ ਵਿੱਤੀ ਸਾਖ਼ਰਤਾ ਅਤੇ ਸਾਈਬਰ ਸੁਰੱਖਿਆ ਦੀ ਜਾਣਕਾਰੀ ਹਰ ਵਿਦਿਆਰਥੀ ਲਈ ਬੇਹੱਦ ਜ਼ਰੂਰੀ ਹੈ। ਇਸ ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।







