ਗੜ੍ਹਦੀਵਾਲਾ 10 ਸਤੰਬਰ (ਚੌਧਰੀ)
: ਨਗਰ ਕੌਂਸਲ ਗੜ੍ਹਦੀਵਾਲਾ ਦੀ ਪ੍ਰਧਾਨਗੀ ਅਤੇ ਵਾਈਸ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਅੱਜ ਐੱਸ.ਡੀ.ਐੱਮ. ਟਾਂਡਾ ਕਮ-ਚੋਣ ਕਨਵੀਨਰ ਲਵਪ੍ਰੀਤ ਸਿੰਘ ਔਲਖ ਦੀ ਦੇਖ-ਰੇਖ ਹੇਠ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਇਸ ਚੋਣ ਸਮਾਗਮ ਵਿੱਚ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਚੋਣ ਪ੍ਰਕਿਰਿਆ ਦੌਰਾਨ ਵਾਰਡ ਨੰਬਰ 2 ਤੋਂ ਕੌਂਸਲਰ ਦਿਸ਼ਾਤ ਬਹਿਲ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਦਾ ਪ੍ਰਧਾਨ ਅਤੇ ਵਾਰਡ ਨੰਬਰ 7 ਤੋਂ ਕੌਂਸਲਰ ਮੋਨਿਕਾ ਗੁਪਤਾ ਨੂੰ ਵਾਈਸ ਪ੍ਰਧਾਨ ਚੁਣ ਲਿਆ ਗਿਆ।
ਪ੍ਰਧਾਨ ਦੇ ਅਹੁਦੇ ਲਈ ਵਾਰਡ ਨੰਬਰ 11 ਦੇ ਕੌਂਸਲਰ ਸ਼ੌਂਕੀ ਕਲਿਆਣ ਵੱਲੋਂ ਦਿਸ਼ਾਤ ਬਹਿਲ ਦੇ ਨਾਮ ਦੀ ਤਜਵੀਜ਼ ਰੱਖੀ ਗਈ, ਜਿਸ ਦੀ ਤਾਈਦ ਵਾਰਡ ਨੰਬਰ 6 ਦੀ ਕੌਂਸਲਰ ਸੋਨੀਆ ਕੌਂਡਲ ਨੇ ਕੀਤੀ। ਇਸੇ ਤਰ੍ਹਾਂ ਵਾਈਸ ਪ੍ਰਧਾਨ ਦੇ ਅਹੁਦੇ ਲਈ ਵਾਰਡ ਨੰਬਰ 9 ਦੀ ਕੌਂਸਲਰ ਚੌਧਰੀ ਪਰਮਜੀਤ ਕੌਰ ਵੱਲੋਂ ਮੋਨਿਕਾ ਗੁਪਤਾ ਦਾ ਨਾਮ ਪੇਸ਼ ਕੀਤਾ ਗਿਆ, ਜਿਸ ਦੀ ਤਾਈਦ ਵਾਰਡ ਨੰਬਰ 5 ਦੀ ਕੌਂਸਲਰ ਮੋਨਿਕਾ ਉੱਪਲ ਨੇ ਕੀਤੀ।
ਇਸ ਚੋਣ ਉਪਰੰਤ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾਗਿੱਲ ਨੇ ਨਵ-ਨਿਯੁਕਤ ਪ੍ਰਧਾਨ ਦਿਸ਼ਾਤ ਬਹਿਲ ਅਤੇ ਵਾਈਸ ਪ੍ਰਧਾਨ ਮੋਨਿਕਾ ਗੁਪਤਾ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਇਹ ਨਵੀਂ ਗਠਿਤ ਟੀਮ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਸਾਰੇ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਪੂਰੇ ਕੀਤੇ ਜਾਣਗੇ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਦਿਸ਼ਾਤ ਬਹਿਲ ਅਤੇ ਵਾਈਸ ਪ੍ਰਧਾਨ ਮੋਨਿਕਾ ਗੁਪਤਾ ਨੇ ਸਾਰੇ ਕੌਂਸਲਰਾਂ ਅਤੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਡੀ.ਐੱਸ.ਪੀ. ਦਵਿੰਦਰ ਸਿੰਘ ਬਾਜਵਾ, ਐੱਸ.ਐੱਚ.ਓ. ਪਰਮਿੰਦਰ ਸਿੰਘ ਧੂਤ, ਲਖਵੀਰ ਸਿੰਘ ਲੱਕੀ, ਕੌਂਸਲਰ ਚੌਧਰੀ ਪਰਮਜੀਤ ਕੌਰ, ਸੁਨੀਤਾ ਚੌਧਰੀ, ਰਮਾ ਸ਼ਰਮਾ, ਹਰਵਿੰਦਰ ਕੁਮਾਰ ਸੋਨੂੰ, ਮੋਨਿਕਾ ਉੱਪਲ, ਸੋਨੀਆ ਕੌਂਡਲ, ਮਾਸਟਰ ਰਛਪਾਲ ਸਿੰਘ, ਪੰਕਜ ਸਿੱਧੂ, ਸ਼ੌਂਕੀ ਕਲਿਆਣ, ਸਾਬਕਾ ਕੌਂਸਲਰ ਸੁਦੇਸ਼ ਕੁਮਾਰ ਟੋਨੀ, ਆਕਸ਼ੀ ਬਹਿਲ, ਅਜੀਤ ਕੁਮਾਰ ਘੁੱਕਾ, ਜਤਿੰਦਰ ਅਰੋੜਾ, ਰਾਜੂ ਗੁਪਤਾ, ਵਿਵੇਕ ਗੁਪਤਾ, ਪਵਨ ਗੁਪਤਾ, ਰੀਸੂ ਗੁਪਤਾ, ਰੇਸ਼ਮ ਸਿੰਘ ਅਤੇ ਸਿਮਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।







