ਬਟਾਲਾ, 24 ਅਗਸਤ (ਅਵਿਨਾਸ਼ ਸ਼ਰਮਾ)
: ਗੁਰਦੁਆਰਾ ਤਪਅਸਥਾਨ ਨਿੱਕੇ ਘੁੰਮਣ ਦੇ ਮੁੱਖ ਸੇਵਾਦਾਰ ਬਾਬਾ ਤਰਨਜੀਤ ਸਿੰਘ ਖਾਲਸਾ ਦੇ ਸਹਿਯੋਗ ਅਤੇ ਅਸ਼ੀਰਵਾਦ ਸਦਕਾ ਇਲਾਕਾ ਵਾਸੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵਿਸ਼ੇਸ਼ ਤੌਰ ’ਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਕੀਤੀ ਗਈ।
ਇਸ ਮੌਕੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਕੈਂਪ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਗਿਆ, ਜਿਸ ਵਿੱਚ ਆਈ.ਵੀ.ਵਾਈ. ਹਸਪਤਾਲ, ਅੰਮ੍ਰਿਤਸਰ ਤੋਂ ਦਿਲ ਦੇ ਮਾਹਿਰ ਡਾ. ਅਰਜੁਨ ਵੈਦ ਗੁਪਤਾ ਨੇ ਮਰੀਜ਼ਾਂ ਦੀ ਜਾਂਚ ਕੀਤੀ। ਡਾ. ਗੁਪਤਾ ਐੱਮ.ਬੀ.ਬੀ.ਐੱਸ. ਅਤੇ ਐੱਮ.ਡੀ. ਹਨ।
ਕੈਂਪ ਵਿੱਚ ਮਰੀਜ਼ਾਂ ਲਈ ਮੁਫ਼ਤ ਡਾਕਟਰੀ ਜਾਂਚ, ਈ.ਸੀ.ਜੀ. ਅਤੇ ਦਵਾਈਆਂ ਦੀ ਸਹੂਲਤ ਉਪਲਬਧ ਕਰਵਾਈ ਗਈ। ਸਾਹ ਚੜ੍ਹਨ, ਛਾਤੀ ਵਿੱਚ ਦਰਦ ਜਾਂ ਜਲਣ, ਚੱਕਰ ਆਉਣ, ਧੜਕਣ ਵਧਣ-ਘਟਣ ਅਤੇ ਵਾਰ-ਵਾਰ ਘਬਰਾਹਟ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੇ ਕੈਂਪ ਵਿੱਚ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ।
ਇਸ ਮੌਕੇ ਰਵਿੰਦਰ ਸਿੰਘ, ਨਿਸ਼ਾਨ ਦੀਪ ਗੁਪਤਾ, ਰਘੂ ਰਾਜਾ, ਰਾਕੇਸ਼ ਕੋਹਲੀ, ਰਿੰਕੀ ਠਾਕੁਰ, ਪਲਵਿੰਦਰ ਸਿੰਘ ਲੰਬੜਦਾਰ, ਜੋਗਾ ਸਿੰਘ ਭਾਗੋਵਾਲ ਸਮੇਤ ਹੋਰ ਸੇਵਾਦਾਰ ਅਤੇ ਇਲਾਕਾ ਵਾਸੀ ਹਾਜ਼ਰ ਸਨ। ਕੈਂਪ ਵਿੱਚ ਪਹੁੰਚੇ ਲੋਕਾਂ ਨੇ ਮੁਫ਼ਤ ਸਿਹਤ ਸੇਵਾ ਉਪਲਬਧ ਕਰਵਾਉਣ ਲਈ ਬਾਬਾ ਤਰਨਜੀਤ ਸਿੰਘ ਖਾਲਸਾ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।







