ਤਲਵਾੜਾ / ਮੁਕੇਰੀਆਂ /ਹੁਸ਼ਿਆਰਪੁਰ 23 ਨਵੰਬਰ (ਪ੍ਰਾਈਮ ਪੰਜਾਬ ਟਾਈਮਜ)
ਤਲਵਾੜਾ ਤੇ ਮੁਕੇਰੀਆਂ ਬਲਾਕ ‘ਚ ਸਕੂਲ ਬੱਸਾਂ ਦੀ ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਕੀਤੀ ਕਾਰਵਾਈ
ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਮੁਹਿੰਮ ਪੂਰੇ ਜ਼ਿਲ੍ਹੇ ‘ਚ ਜਾਰੀ ਰਹੇਗੀ
: ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਕੂਲ ਬੱਸਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਤਹਿਤ ਤਲਵਾੜਾ ਅਤੇ ਮੁਕੇਰੀਆਂ ਬਲਾਕ ਵਿੱਚ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕੁੱਲ 40 ਸਕੂਲ ਬੱਸਾਂ ਦੀ ਜਾਂਚ ਕੀਤੀ ਗਈ, ਜਦਕਿ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ 11 ਬੱਸਾਂ ਦੇ ਚਲਾਨ ਕੱਟੇ ਗਏ।
ਤਲਵਾੜਾ ਬਲਾਕ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਡਰੀਮ ਪਬਲਿਕ ਸਕੂਲ ਰਾਮਗੜ੍ਹ ਸੀਕਰੀ, ਵਸ਼ਿਸ਼ਟ ਭਾਰਤੀ ਪਬਲਿਕ ਹਾਈ ਸਕੂਲ ਅਤੇ ਮੁਕੇਰੀਆਂ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਤੇ ਕੈਂਬਰਿਜ ਓਵਰਸੀਜ਼ ਸਕੂਲ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ।
ਚੈਕਿੰਗ ਦੌਰਾਨ ਕੁਝ ਬੱਸਾਂ ਵਿੱਚ ਮਿਆਦ ਪੁੱਗ ਚੁੱਕੀਆਂ ਫਸਟ ਏਡ ਕਿੱਟਾਂ, ਮਹਿਲਾ ਅਟੈਂਡੈਂਟ ਦੀ ਗੈਰ-ਮੌਜੂਦਗੀ, ਅੱਗ ਬੁਝਾਊ ਯੰਤਰ ਨਾ ਹੋਣਾ ਅਤੇ ਡਰਾਈਵਰਾਂ ਤੇ ਅਟੈਂਡੈਂਟਾਂ ਵੱਲੋਂ ਨਿਰਧਾਰਤ ਵਰਦੀ ਨਾ ਪਹਿਨਣ ਵਰਗੀਆਂ ਕਮੀਆਂ ਪਾਈਆਂ ਗਈਆਂ। ਟੀਮ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਜਾਗਰੂਕਤਾ ਵੀ ਫੈਲਾਈ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਕਿਹਾ ਕਿ ਪਾਲਿਸੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਸਕੂਲ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਸਾਰੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਟਾਸਕ ਫੋਰਸ ਵੱਲੋਂ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਬੱਸ ਚਾਲਕਾਂ ਦਾ ਸਮੇਂ-ਸਮੇਂ ਸਿਰ ਮੈਡੀਕਲ ਚੈੱਕਅੱਪ ਕਰਵਾਇਆ ਜਾਵੇ, ਡਰਾਈਵਰ ਅਤੇ ਅਟੈਂਡੈਂਟ ਵਰਦੀ ਪਹਿਨਣ, ਬੱਚਿਆਂ ਨੂੰ ਬੱਸ ਵਿੱਚ ਚੜ੍ਹਾਉਣ ਅਤੇ ਉਤਾਰਨ ਸਮੇਂ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ ਅਤੇ ਸੜਕ ਪਾਰ ਕਰਵਾਉਂਦੇ ਸਮੇਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਬੱਸਾਂ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਟੀਮ ਨੇ ਸਪੱਸ਼ਟ ਕੀਤਾ ਕਿ ਇਹ ਚੈਕਿੰਗ ਮੁਹਿੰਮ ਪੂਰੇ ਜ਼ਿਲ੍ਹੇ ਵਿੱਚ ਲਗਾਤਾਰ ਜਾਰੀ ਰਹੇਗੀ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਰਣਜੀਤ ਕੌਰ ਅਤੇ ਭਾਵਨਾ, ਪੁਲਿਸ ਵਿਭਾਗ ਤੋਂ ਪ੍ਰੇਮ ਕੁਮਾਰ, ਬਲਵੀਰ ਸਿੰਘ, ਤਲਵਾੜਾ ਤੋਂ ਮੰਜੂ ਬਾਲਾ, ਮੁਕੇਰੀਆਂ ਤੋਂ ਅਮਰਜੀਤ ਸਿੰਘ ਅਤੇ ਸਿੱਖਿਆ ਵਿਭਾਗ ਤੋਂ ਅਮਰਿੰਦਰ ਪਾਲ ਸਿੰਘ ਢਿੱਲੋਂ, ਰਣਧੀਰ ਸਿੰਘ ਸਮੇਤ ਸਮੁੱਚੀ ਟੀਮ ਮੌਜੂਦ ਸੀ।







