Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ*
ADVERTISEMENT
You are currently viewing ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਹੁਸ਼ਿਆਰਪੁਰ, 31 ਅਗਸਤ (ਪ੍ਰਾਈਮ ਪੰਜਾਬ ਟਾਈਮਜ) 

ਸੰਤਾਂ-ਮਹਾਂਪੁਰਸ਼ਾਂ, ਸਿਆਸੀ ਸ਼ਖ਼ਸੀਅਤਾਂ ਤੇ ਮਾਹਰਾਂ ਵਲੋਂ ਬੇਗਮਪੁਰਾ ਦੇ ਸੰਕਲਪ ਲਈ ਯਤਨ ਕਰਨ ਦੀ ਲੋੜ ’ਤੇ ਜ਼ੋਰ

ਪੰਜਾਬ ਸਰਕਾਰ ਨੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ 100 ਕਰੋੜ ਦਾ ਬਜ਼ਟ ਰੱਖਿਆ : ਡਾ. ਰਾਜ ਕੁਮਾਰ ਚੱਬੇਵਾਲ

ਗੁਰੂ ਜੀ ਦੀਆਂ ਸਿਖਿਆਵਾਂ ’ਤੇ ਪਹਿਰਾ ਦਿੰਦਿਆਂ ਸਮਾਜਿਕ ਬਰਾਬਰਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ : ਡਾ. ਇਸ਼ਾਂਕ ਕੁਮਾਰ

ਸਿੱਖਿਆ ਹਾਸਲ ਕਰਕੇ ਗੁਰੂਆਂ ਦੇ ਸੰਕਲਪ ਨੂੰ ਸੁਚੱਜੇ ਢੰਗ ਨਾਲ ਕੀਤਾ ਜਾ ਸਕਦੈ ਪੂਰਾ : ਸੰਤ ਨਿਰਮਲ ਦਾਸ

ਗੁਰੂ ਜੀ ਦੇ ਜੀਵਨ ਤੋਂ ਸੇਧ ਲੈ ਕੇ ਯਕੀਨਣ ਕੀਤਾ ਜਾ ਸਕਦੈ ਸਮਾਜਿਕ ਕੁਰੀਤੀਆਂ ਦਾ ਖਾਤਮਾ : ਸੰਤ ਰਮੇਸ਼ ਦਾਸ

650 ਸਾਲ ਪਹਿਲਾਂ ਦਿੱਤੀਆਂ ਸਿੱਖਿਆਵਾਂ ਅਜੋਕੇ ਯੁੱਗ ’ਚ ਵੀ ਸਾਰਥਕ : ਸੰਤੋਸ਼ ਕੁਮਾਰੀ

ਪੰਜਾਬ ਸਰਕਾਰ ਵਲੋਂ ਪਿੰਡ-ਪਿੰਡ ਦਿਖਾਈ ਜਾ ਰਹੀ ਡਾਕੂਮੈਂਟਰੀ, ਅੱਜ ਤੋਂ ਸ਼ੁਰੂ ਹੋਣਗੇ ਡਰੋਨ ਸ਼ੋਅ : ਡਾ. ਚੱਬੇਵਾਲ

:   ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਕਰਵਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਅੱਜ ਸਥਾਨਕ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਨੌਵਾਂ ਸੈਮੀਨਾਰ ਕਰਵਾਇਆ ਗਿਆ ਜਿਥੇ ਸੰਤਾਂ-ਮਹਾਂਪੁਰਸ਼ਾਂ, ਸਿਆਸੀ ਸ਼ਖਸੀਅਤਾਂ ਅਤੇ ਇਤਿਹਾਸ ਦੇ ਮਾਹਰਾਂ ਵਲੋਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਅਪਨਾਉਣ ਦਾ ਸੱਦਾ ਦਿੰਦਿਆਂ ਸਮਾਜਿਕ ਬਰਾਬਰਤਾ ਅਤੇ ਬੇਗਮਪੁਰਾ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਂਝੇ ਯਤਨ ਕਰਨ ਦੀ ਤਾਕੀਦ ਕੀਤੀ।

        ਸੈਮੀਨਾਰ ਦੌਰਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਅਤੇ ਡੇਰਾ ਸੰਤ ਪ੍ਰੀਤਮ ਦਾਸ ਜੀ ਬਾਬੇ ਜੌੜੇ ਰਾਏਪੁਰ ਰਸੂਲਪੁਰ ਦੇ ਮੁਖੀ ਸੰਤ ਨਿਰਮਲ ਦਾਸ, ਡੇਰਾ ਬਾਬਾ ਨਰਾਇਣ ਦਾਸ ਜੀ ਸ਼ੇਰਪੁਰ ਢੱਕੋਂ, ਡੇਰਾ ਸੰਤ ਪ੍ਰੀਤਮ ਦਾਸ ਦੇ ਜਨਰਲ ਸਕੱਤਰ ਭੈਣ ਸੰਤੋਸ਼ ਕੁਮਾਰੀ, ਮੈਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਡਾ. ਇਸ਼ਾਂਕ ਕੁਮਾਰ, ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਚੰਦਰ ਮੋਹਨ, ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ, ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਪ੍ਰਭਦੀਪ, ਜਸਨੂਰ ਕੌਰ ਸੈਣੀ ਅਤੇ ਨਵਪ੍ਰੀਤ ਕੌਰ ਨੇ ਗੁਰੂ ਜੀ ਦੇ ਜੀਵਨ, ਫਲਸਫੇ, ਸਿੱਖਿਆਵਾਂ ਅਤੇ ਉਨ੍ਹਾਂ ਦੀ ਅਜੋਕੇ ਯੁੱਗ ਵਿਚ ਮਹੱਤਤਾ ਬਾਰੇ ਵਿਸਥਾਰਤ ਚਾਨਣਾ ਪਾਇਆ। ਸੰਤ ਨਿਰਮਲ ਦਾਸ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਦੀ ਅਹਿਮੀਅਤ ਨੂੰ ਸਮਝਦਿਆਂ ਜ਼ਿੰਦਗੀ ਵਿਚ ਤੈਅ ਮੁਕਾਮ ਹਾਸਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਰਾਹੀਂ ਬੌਧਿਕ ਵਿਕਾਸ ਨਵੀਂਆਂ ਪੀੜ੍ਹੀਆਂ ਵਿਚ ਲੋੜੀਂਦੀ ਤਬਦੀਲੀ ਨੂੰ ਅਮਲੀ ਰੂਪ ਦਿੰਦਾ ਹੈ ਅਤੇ ਗੁਰੂ ਜੀ ਨੇ ਵੀ ਆਪਣੇ ਜੀਵਨ ਦੌਰਾਨ ਸਿੱਖਿਆ, ਕਿਰਤ ਅਤੇ ਸਮਾਜਿਕ ਬਰਾਬਰਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੁਰੂ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਕੀਤੇ ਜਾ ਰਹੇ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ ਅਤੇ ਸੈਮੀਨਾਰਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਨਾਲ ਜੁੜਨ ਅਤੇ ਇਨ੍ਹਾਂ ਤੋਂ ਪ੍ਰੇਰਨਾ ਲੈਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਅਧਿਆਤਮ ਅਤੇ ਹੋਰ ਖੇਤਰਾਂ ਵਿਚ ਤਰੱਕੀ ਦਾ ਮੁੱਢ ਸਿੱਖਿਆ ਨਾਲ ਹੀ ਬੱਝਦਾ ਹੈ ਜਿਸ ਲਈ ਸਿੱਖਿਆ ਨੂੰ ਪੂਰੀ ਤਰਜ਼ੀਹ ਦੇਣੀ ਚਾਹੀਦੀ ਹੈ ਤਾਂ ਜੋ ਸਭਿਅਕ ਸਮਾਜ ਦੀ ਸਿਰਜਣਾ ਦੇ ਨਾਲ-ਨਾਲ ਮਹਾਨ ਗੁਰੂਆਂ ਵਲੋਂ ਦਰਸਾਏ ਮਾਰਗ ਉਤੇ ਚੱਲਿਆ ਜਾ ਸਕੇ।

        ਸੰਤ ਰਮੇਸ਼ ਦਾਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣਾ ਸਮੁੱਚਾ ਜੀਵਨ ਸਮਾਜਿਕ ਬਰਾਬਰਤਾ, ਜਾਤ-ਪਾਤ ਦੇ ਵਿਤਕਰੇ ਅਤੇ ਸਮਾਜਿਕ ਨਿਆਂ ਲਈ ਲਾ ਦਿੱਤਾ ਜੋ ਅੱਜ ਵੀ ਸਾਡੇ ਜੀਵਨ ਵਿਚ ਬਹੁਤ ਸਾਰਥਕ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਹਾਸਲ ਕਰਕੇ ਇਨ੍ਹਾਂ ਸਮਾਜਿਕ ਕੁਰੀਤੀਆਂ ਦਾ ਯਕੀਨਣ ਖਾਤਮਾ ਕੀਤਾ ਜਾ ਸਕਦਾ ਹੈ। ਡੇਰਾ ਸੰਤ ਪ੍ਰੀਤਮ ਦਾਸ ਦੇ ਜਨਰਲ ਸਕੱਤਰ ਅਤੇ ਨਾਰੀ ਸ਼ਕਤੀ ਸੰਸਥਾਪਕ ਭਾਰਤ ਦੇ ਚੇਅਰਪਰਸਨ ਭੈਣ ਸੰਤੋਸ਼ ਕੁਮਾਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ 650 ਸਾਲ ਪਹਿਲਾਂ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੰਦਿਆਂ ਆਪਸੀ ਸਾਂਝ, ਭਾਈਚਾਰਕ ਏਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਪੁਰਜ਼ੋਰ ਵਕਾਲਤ ਕੀਤੀ ਜਿਹੜੀ ਹੁਣ ਤੱਕ ਲੋਕਾਂ ਲਈ ਪ੍ਰੇਰਨਾ ਸਰੋਤ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਪਰਾਲੇ ਸਲਾਹੁਣਯੋਗ ਹੈ ਜੋ ਲੰਬੇ ਸਮੇਂ ਤੱਕ ਵਿਦਿਆਰਥੀਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਨਾਲ ਜੋੜ ਕੇ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਣਗੇ।

ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ, ਡਾਕੂਮੈਂਟਰੀ ਸ਼ੋਅ, ਡਰੋਨ ਸ਼ੋਅ, ਮੈਰਾਥਨ ਅਤੇ ਹੋਰ ਉਪਰਾਲਿਆਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵਲੋਂ 650ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਲਈ 100 ਕਰੋੜ ਰੁਪਏ ਦਾ ਬਜ਼ਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 13000 ਪਿੰਡਾਂ ਵਿਚ ਡਾਕੂਮੈਂਟਰੀ ਸ਼ੋਅ ਦਿਖਾਏ ਜਾ ਰਹੇ ਹਨ ਤਾਂ ਜੋ ਜ਼ਮੀਨੀ ਪੱਧਰ ਤੱਕ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ-ਪ੍ਰਸਾਰ ਹੋ ਸਕੇ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸੈਮੀਨਾਰ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਤ ਹੈ ਜੋ ਵੱਖ-ਵੱਖ ਯੂਨੀਵਰਸਿਟੀਆਂ ਵਿਚ ਹੋ ਰਿਹਾ 9ਵਾਂ ਸੈਮੀਨਾਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਮੀਨਾਰਾਂ ਵਿਚ ਹੁਣ ਤੱਕ 7 ਹਜ਼ਾਰ ਤੋਂ ਵੱਧ ਵਿਦਿਆਰਥੀ ਗੁਰੂ ਜੀ ਦੇ ਜੀਵਨ, ਫਲਸਫੇ ਅਤੇ ਬਾਣੀ ਤੋਂ ਜਾਣੂ ਹੋ ਚੁੱਕੇ ਹਨ।

        ਮੈਂਬਰ ਪਾਰਲੀਮੈਂਟ ਡਾ. ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪਿਛਲੇ ਦਿਨੀਂ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਸ ਸਮੁੱਚੇ ਪ੍ਰੋਜੈਕਟ ’ਤੇ 24 ਕਰੋੜ 55 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਤਪ ਅਸਥਾਨ ਖੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਮੈਮੋਰੀਅਲ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ’ਤੇ 147 ਕਰੋੜ ਰੁਪਏ ਦੀ ਲਾਗਤ ਆਉਣੀ ਹੈ। ਇਹ ਯਾਦਗਾਰ 12 ਏਕੜ ਰਕਬੇ ਵਿੱਚ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਮੀਨਾਰਾਂ ਦਾ ਉਦੇਸ਼ ਪੰਜਾਬ ਸਰਕਾਰ ਵਲੋਂ ਮਨੁੱਖਤਾਵਾਦੀ ਅਤੇ ਸਮਾਜਿਕ ਬਰਾਬਰਤਾ ਦਾ ਸੰਦੇਸ਼ ਦੇਣਾ ਹੈ ਤਾਂ ਜੋ ਪੰਜਾਬ ਨੂੰ ਤਰੱਕੀ ਦੀਆਂ ਹੋਰ ਬੁਲੰਦੀਆਂ ’ਤੇ ਲਿਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾਕੂਮੈਂਟਰੀ ਸ਼ੋਅ ਤੋਂ ਇਲਾਵਾ ਕੱਲ੍ਹ ਤੋਂ ਡਰੋਨ ਸ਼ੋਅ ਵੀ ਸ਼ੁਰੂ ਕੀਤੇ ਜਾ ਰਹੇ ਹਨ ਜੋ ਆਪਣੇ ਆਪ ਵਿਚ ਦੇਖਣ ਵਾਲਾ ਸ਼ੋਅ ਹੋਵੇਗਾ।

        ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਸਿੱਖਿਆ ਦੇ ਵੱਧ ਤੋਂ ਵੱਧ ਫੈਲਾਅ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਰਿਆਂ ਨੂੰ ਸਮਾਜ ਵਿਚ ਆਪਸੀ ਸਾਂਝ ਅਤੇ ਏਕਤਾ ਨਾਲ ਅੱਗੇ ਵੱਧਣਾ ਚਾਹੀਦਾ ਹੈ ਜਿਸ ਨਾਲ ਸੂਬੇ ਅਤੇ ਦੇਸ਼ ਦੀ ਤਰੱਕੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮੁੱਚਾ ਜੀਵਨ ਸਮਾਜਿਕ ਨਾ ਬਰਾਬਰਤਾ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਬੇਗਮਪੁਰਾ ਦਾ ਸੰਕਲਪ ਦਿੱਤਾ ਜਿਸ ਨੂੰ ਅਮਲੀ ਰੂਪ ਦੇਣ ਲਈ ਸਾਰਿਆਂ ਨੂੰ ਸਮਾਜ ਵਿਚ ਇਕਸਾਰ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਗੁਰੂ ਜੀ ਦੇ ਦਰਸਾਏ ਮਾਰਗ ਨੂੰ ਅਪਨਾਇਆ ਜਾ ਸਕੇ। ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਗੁਰੂ ਜੀ ਦੇ ਜੀਵਨ ਅਤੇ ਫਲਸਫ਼ੇ ’ਤੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ ਕਿ ਸਿੱਖਿਆ ਹਾਸਲ ਕਰਕੇ ਉਹ ਸਮਾਜ ਵਿਚ ਉਸਾਰੂ ਭੂਮਿਕਾ ਨਿਭਾਅ ਸਕਦੇ ਹਨ ਜਿਸ ਨਾਲ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਪਹਿਰਾ ਦਿੱਤਾ ਜਾ ਸਕਦਾ ਹੈ।

        ਯੂਨੀਵਰਸਿਟੀ ਦੇ ਲਾਅ ਵਿਭਾਗ ਦੀ ਵਿਦਿਆਰਥਣ ਪ੍ਰਭਦੀਪ ਫੁਗਲਾਣਾ, ਫਾਰਮੇਸੀ ਵਿਭਾਗ ਦੀ ਵਿਦਿਆਰਥਣ ਜਸਨੂਰ ਕੌਰ ਸੈਣੀ ਅਤੇ ਮੈਨੇਜਮੈਂਟ ਵਿਭਾਗ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਇਨ੍ਹਾਂ ਦੀ ਅਜੋਕੇ ਸਮੇਂ ਵਿਚ ਪ੍ਰਸੰਗਿਕਤਾ ਬਾਰੇ ਬੇਹੱਦ ਜਾਣਕਾਰੀ ਭਰਪੂਰ ਵਿਚਾਰ ਰੱਖੇ। ਯੂਨੀਵਰਸਿਟੀ ਵਲੋਂ ਆਈਆਂ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।

        ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਚੰਦਰ ਮੋਹਨ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਈਆਂ ਸ਼ਖਸੀਅਤਾਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੇ ਫਾਰਮਾਸਿਟੀਕਲ ਕਾਲਜ ਦੇ ਪ੍ਰਿੰਸੀਪਲ ਡਾ. ਮਨਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਫੋਟੋ ਕੈਪਸ਼ਨ : ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਦੌਰਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਰਮੇਸ਼ ਦਾਸ, ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਡਾ. ਇਸ਼ਾਂਕ ਕੁਮਾਰ, ਭੈਣ ਸੰਤੋਸ਼ ਕੁਮਾਰੀ ਤੇ ਹੋਰ।