: ਅੱਜਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ, ਜਿੱਥੇ ਕਾਮਯਾਬੀ ਅਤੇ ਮੁਕਾਬਲਾ ਮੁੱਖ ਭੂਮਿਕਾ ਨਿਭਾ ਰਹੇ ਹਨ, ਅਸੀਂ ਕਈ ਵਾਰੀ ਉਹ ਅਹਮ ਮੁੱਲ ਭੁੱਲ ਜਾਂਦੇ ਹਾਂ ਜੋ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦੇ ਹਨ। ਨੈਤਿਕ ਮੁੱਲ, ਜਿਵੇਂ ਕਿ ਇਮਾਨਦਾਰੀ, ਦਇਆ, ਆਦਰ ਅਤੇ ਜ਼ਿੰਮੇਵਾਰੀ, ਸਿਰਫ਼ ਸ਼ਬਦ ਨਹੀਂ ਹਨ, ਇਹ ਸਾਡੀ ਜ਼ਿੰਦਗੀ ਦੀ ਮਜਬੂਤ ਨੀਂਹ ਹਨ।
ਨੈਤਿਕ ਮੁੱਲ ਸਾਨੂੰ ਠੀਕ ਰਾਹ ਤੇ ਚੱਲਣਾ ਸਿਖਾਉਂਦੇ ਹਨ, ਚਾਹੇ ਕੋਈ ਵੇਖ ਰਿਹਾ ਹੋ ਜਾਂ ਨਾ। ਇਹ ਸਾਡੀ ਸੋਚ, ਵਿਵਹਾਰ ਅਤੇ ਫੈਸਲਿਆਂ ਨੂੰ ਸਹੀ ਦਿਸ਼ਾ ਦਿੰਦੇ ਹਨ। ਜੋ ਵਿਅਕਤੀ ਇਮਾਨਦਾਰ, ਮਿਹਨਤੀ ਤੇ ਦਿਲੋਂ ਦਇਆਲੂ ਹੁੰਦੇ ਹਨ, ਉਹ ਸਦਾ ਲੋਕਾਂ ਦੀ ਇੱਜ਼ਤ ਅਤੇ ਭਰੋਸਾ ਹਾਸਲ ਕਰਦੇ ਹਨ।
ਬੱਚੇ ਆਪਣੇ ਨੈਤਿਕ ਮੁੱਲ ਮਾਪਿਆਂ, ਅਧਿਆਪਕਾਂ ਅਤੇ ਆਪਣੇ ਆਸ-ਪਾਸ ਦੇ ਲੋਕਾਂ ਤੋਂ ਸਿੱਖਦੇ ਹਨ। ਇਸ ਲਈ ਜ਼ਰੂਰੀ ਹੈ ਕਿ ਵੱਡੇ ਲੋਕ ਚੰਗਾ ਉਦਾਹਰਨ ਬਣਨ। ਸਕੂਲਾਂ ਨੂੰ ਵੀ ਸਿਰਫ਼ ਅੰਕਾਂ ਤੋਂ ਇਲਾਵਾ ਚਰਿਤਰ ਨਿਰਮਾਣ ਉੱਤੇ ਧਿਆਨ ਦੇਣਾ ਚਾਹੀਦਾ ਹੈ।
ਜਦੋਂ ਵੀ ਅਸੀਂ ਕਿਸੇ ਔਖੇ ਸਮੇਂ ਵਿੱਚ ਹੁੰਦੇ ਹਾਂ, ਨੈਤਿਕ ਮੁੱਲ ਸਾਨੂੰ ਅੰਦਰੋਂ ਮਜ਼ਬੂਤੀ ਦਿੰਦੇ ਹਨ। ਜਦੋਂ ਫੈਸਲੇ ਸੱਚਾਈ ਤੇ ਨਿਆਂ ਉੱਤੇ ਆਧਾਰਤ ਹੁੰਦੇ ਹਨ, ਤਾਂ ਅੰਦਰੋਂ ਕੋਈ ਪਛਤਾਵਾ ਨਹੀਂ ਰਹਿੰਦਾ।
ਅਸਲੀ ਕਾਮਯਾਬੀ ਪੈਸੇ ਜਾਂ ਸ਼ੋਹਰਤ ਵਿੱਚ ਨਹੀਂ, ਸਚਾਈ ਅਤੇ ਇੱਜ਼ਤ ਨਾਲ ਜੀਊਣ ਵਿੱਚ ਹੁੰਦੀ ਹੈ।
ਦਿਨੇਸ਼ ਠਾਕੁਰ (ਲੈਕਚਰਾਰ ਅੰਗਰੇਜ਼ੀ)
ਸ.ਸ.ਸ.ਸ ਡੱਫ਼ਰ (ਹੁਸ਼ਿਆਰਪੁਰ)








