ਹੁਸ਼ਿਆਰਪੁਰ (ਬਿਊਰੋ)
8 ਫਰਵਰੀ : ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਸਮਾਜਿਕ ਨਿਆ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਸਾਂਝੇ ਯਤਨਾਂ ਨਾਲ ਅੱਜ ਦਿਵਿਆਂਗਜਨ ਨੂੰ ਮੁਫ਼ਤ ਸਹਾਇਕ ਉਪਕਰਨ ਵੰਡੇ ਗਏ। ਵਨ ਸਟਾਪ ਸੈਂਟਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਸੀ.ਡੀ.ਪੀ.ਓ ਹੁਸ਼ਿਆਰਪੁਰ-2 ਰਣਜੀਤ ਕੌਰ ਦੀ ਅਗਵਾਈ ਵਿਚ ਆਯੋਜਿਤ ਇਸ ਕੈਂਪ ਵਿਚ ਐਪਿਡ ਸਕੀਮ ਤਹਿਤ ਅਲਿਮਕੋ ਕੰਪਨੀ ਵਲੋਂ ਪਹਿਲਾਂ ਤੋਂ ਹੀ ਸ਼ਨਾਖਤ ਕੀਤੇ ਗਏ 34 ਦਿਵਿਆਂਗਜਨ ਨੂੰ ਮੁਫ਼ਤ ਸਹਾਇਕ ਉਪਕਰਨ ਦਿੱਤੇ ਗਏ, ਜਿਸ ਵਿਚ 5 ਮੋਟਰਾਈਜ਼ਡ ਟ੍ਰਾਈ ਸਾਈਕਲ, 6 ਅਡਲਟ ਟ੍ਰਾਈ ਸਾਈਕਲ, 16 ਵੀਲ੍ਹ ਚੇਅਰ, 4 ਕੰਨਾਂ ਦੀਆਂ ਮਸ਼ੀਨਾਂ, 10 ਬੈਸਾਖੀਆਂ, 1 ਸੀ.ਪੀ. ਚੇਅਰ, ਬਨਾਵਟੀ ਅੰਗ ਅਤੇ ਕੈਲੀਪਰ ਆਦਿ ਸ਼ਾਮਿਲ ਸਨ।
ਕੈਂਪ ਵਿਚ ਰੀਅਲ ਵੈਲਫੇਅਰ ਕਲੱਬ ਟਾਂਡਾ ਦੇ ਪ੍ਰਧਾਨ ਪਵਨ ਪਲਟਾ ਨੇ ਕਿਹਾ ਕਿ ਰੀਅਲ ਵੈਲਫੇਅਰ ਕਲੱਬ ਟਾਂਡਾ ਭਵਿੱਖ ਵਿਚ ਵੀ ਜ਼ਰੂਰਤਮੰਦਾਂ ਦੀ ਸੇਵਾ ਲਈ ਇਸੇ ਤਰ੍ਹਾਂ ਅਸੈਸਮੈਂਟ ਕੈਂਪ ਅਤੇ ਮੁਫ਼ਤ ਉਪਕਰਨ ਵੰਡ ਕੈਂਪ ਚਲਾਉਣ ਲਈ ਯਤਨਸ਼ੀਲ ਰਹੇਗਾ। ਇਸ ਮੌਕੇ ਸਿਵਲ ਸਰਜਨ ਡਾ. ਪ੍ਰੀਤ ਮੋਹਿੰਦਰ ਸਿੰਘ, ਐਸ.ਐਮ.ਓ ਡਾ. ਮਨਮੋਹਨ ਸਿੰਘ, ਸੀ.ਡੀ.ਪੀ.ਓ. ਹੁਸ਼ਿਆਰਪੁਰ-1 ਮੰਜੂ ਬਾਲਾ, ਸਖੀ ਵਨ ਸਟਾਪ ਸੈਂਟਰ ਦਾ ਸਟਾਫ਼, ਸੁਪਰਵਾਈਜ਼ਰ ਅਰਸ਼ਦੀਪ ਕੌਰ, ਰੀਟਾ ਤੇ ਸਰਬਜੀਤ ਕੌਰ ਆਦਿ ਮੌਜੂਦ ਸਨ।








