– ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਕੀਤੀ ਮੀਟਿੰਗ
– ਕਿਹਾ,ਸਮੂਹ ਚੋਣ ਰਜਿਸਟ੍ਰੇਸ਼ਨ ਅਫ਼ਸਰ 20 ਅਤੇ 21 ਨਵੰਬਰ ਨੂੰ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪ ਦੌਰਾਨ ਬੂਥਾਂ ਦੀ 100 ਫੀਸਦੀ ਚੈਕਿੰਗ ਨੂੰ ਬਣਾਉਣ ਯਕੀਨੀ
– ਲੋਕਾਂ ਨੂੰ nvsp.in ਵੈੱਬਸਾਈਟ ‘ਤੇ ਆਪਣੀ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 08 ਨਵੰਬਰ(ਬਿਊਰੋ ਚੀਫ) : ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਸਿੰਘ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2022 ਤੱਕ ਜਿਨ੍ਹਾਂ ਵਿਅਕਤੀਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ, ਉਨ੍ਹਾਂ ਦੀ ਵੋਟ ਬਣਾਉਣੀ ਯਕੀਨੀ ਬਣਾਈ ਜਾਵੇ ਅਤੇ ਇਸ ਕੰਮ ਵਿੱਚ ਕਿਸੇ ਤਰਾਂ ਦੀ ਕੋਤਾਹੀ ਨਾ ਅਪਣਾਈ ਜਾਵੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਸਰਸਰੀ ਸੁਧਾਈ ਪ੍ਰੋਗਰਾਮ ਤਹਿਤ ਸਮੂਹ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਕਤ ਵੋਟਾਂ ਬਣਾਉਣੀ ਲਈ 30 ਨਵੰਬਰ ਤੱਕ ਆਪਣੇ ਫਾਰਮ ਸਬੰਧਤ ਬੀ.ਐਲ.ਓਜ਼, ਈ.ਆਰ.ਓਜ਼ ਦਫ਼ਤਰ ਜਾਂ ਜ਼ਿਲ੍ਹਾ ਚੋਣ ਅਫ਼ਸਰ ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 20 ਅਤੇ 21 ਨਵੰਬਰ ਨੂੰ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ, ਜਿਸ ਵਿੱਚ ਬੀ.ਐਲ.ਓਜ਼ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਬੈਠ ਕੇ ਯੋਗ ਵਿਅਕਤੀਆਂ ਤੋਂ ਫਾਰਮ ਪ੍ਰਾਪਤ ਕਰਨਗੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਵਿਸ਼ੇਸ਼ ਕੈਂਪ ਦੌਰਾਨ ਬੂਥਾਂ ਦੀ 100 ਫ਼ੀਸਦੀ ਚੈਕਿੰਗ ਨੂੰ ਯਕੀਨੀ ਬਣਾਉਣ। ਇਸ ਤੋਂ ਇਲਾਵਾ ਹਰ ਵਿਸ਼ੇਸ਼ ਕੈਂਪ ਤੋਂ ਬਾਅਦ ਪ੍ਰਾਪਤ ਹੋਏ ਫਾਰਮਾਂ ਦੀ ਗਿਣਤੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਉਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਉਣਗੇ ਕਿ ਫਾਰਮਾਂ ਦੀ ਪੈਂਡੇਨਸੀ 7 ਦਿਨਾਂ ਤੋਂ ਵੱਧ ਨਾ ਹੋਵੇ। ਉਨ੍ਹਾਂ ਕਿਹਾ ਕਿ ਪ੍ਰਾਪਤ ਹੋਏ ਫਾਰਮ ਜਿਵੇਂ ਕਿ ਫਾਰਮ ਨੰਬਰ 9, 10, 11, 11-ਏ ਦੀ ਜਾਣਕਾਰੀ ਰਾਜਨੀਤਿਕ ਪਾਰਟੀਆਂ ਨੂੰ ਹਰ ਹਫ਼ਤੇ ਦਿੱਤੀ ਜਾਵੇ ਅਤੇ ਸੀ.ਈ.ਓ. ਪੰਜਾਬ ਦੀ ਵੈੱਬਸਾਈਟ ‘ਤੇ ਅਪਲੋਡ ਕਰਨ ਲਈ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੀ ਜਾਏ। ਇਸ ਦੇ ਨਾਲ ਹੀ ਉਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਸਵੀਪ ਨੋਡਲ ਅਫ਼ਸਰਾਂ ਰਾਹੀਂ ਲਗਾਤਾਰ ਵੱਖ-ਵੱਖ ਸਵੀਪ ਗਤੀਵਿਧੀਆਂ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ।
ਸੰਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਧਾਨ ਸਭਾ ਅੰਦਰ ਨਵੀਆਂ ਵੋਟਾਂ ਬਣਾਉਣ ਲਈ ਫਾਰਮ ਨੰਬਰ 6, ਵੋਟਾਂ ਕਟਵਾਉਣ ਲਈ ਫਾਰਮ ਨੰ: 7, ਵੋਟਾਂ ਦੀ ਸੁਧਾਈ ਲਈ ਫਾਰਮ ਨੰ: 8 ਅਤੇ ਵਿਧਾਨ ਅੰਦਰ ਵੋਟਾਂ ਬਦਲਣ ਲਈ ਫਾਰਮ ਨੰ.8 ਓ ਭਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੀ.ਡਬਲਯੂ.ਡੀ., ਥਰਡ ਜੈਂਡਰ ਦੇ ਵਿਅਕਤੀਆਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਯੋਗ ਵਿਅਕਤੀ ਆਪਣੀ ਵੋਟ ਬਣਾਉਣ, ਦਰੁਸਤ ਕਰਨ ਅਤੇ ਕਟਵਾਉਣ ਲਈ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ nvsp.in ਜਾਂ ਵੋਟਰ ਹੈਲਪਲਾਈਨ ਐਪ ‘ਤੇ ਵੀ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਵੋਟ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਜ਼ਿਲ੍ਹੇ ਦੇ ਟੋਲ ਫ੍ਰੀ ਨੰਬਰ 1950 ‘ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਇਸ ਮੌਕੇ ਐਸ.ਡੀ.ਐਮ.ਹੁਸ਼ਿਆਰਪੁਰ ਸ਼ਿਵਰਾਜ ਸਿੰਘ ਬੱਲ, ਐੱਸ.ਡੀ.ਐੱਮ.ਮੁਕੇਰੀਆਂ ਨਵਨੀਤ ਕੌਰ ਬੱਲ,ਐੱਸ.ਡੀ.ਐੱਮ. ਗੜ੍ਹਸ਼ੰਕਰ ਅਰਵਿੰਦ ਕੁਮਾਰ,ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਐਸ.ਐਸ. ਬਰਾੜ,ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਸਹਾਇਕ ਕਮਿਸ਼ਨਰ ਸਟੇਟ ਟੈਕਸ ਜੋਤਸਨਾ, ਤਹਿਸੀਲਦਾਰ ਚੋਣ ਹਰਮਿੰਦਰ ਸਿੰਘ, ਕਾਨੂੰਗੋ ਦੀਪਕ ਕੁਮਾਰ ਆਦਿ ਵੀ ਹਾਜ਼ਰ ਸਨ |