ਹਾਈ ਕੋਰਟ ਵੱਲੋਂ ਬੀਡੀਪੀਓ ਡੇਰਾ ਬਾਬਾ ਨਾਨਕ ਸਮੇਤ ਤਿੰਨ ਮੁਲਜ਼ਮਾਂ ਤੇ ਐੱਫਆਈਆਰ ਦਰਜ ਦੇ
ਪ੍ਰਸ਼ਾਸਨ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਨਹੀਂ ਕਰ ਰਿਹਾ ਪਾਲਣਾ: ਮੱਲ੍ਹੀ
ਡੇਰਾ ਬਾਬਾ ਨਾਨਕ, 16 ਨਵੰਬਰ (ਆਸ਼ਕ ਰਾਜ ਮਾਹਲਾ ) ਬੀਤੇ ਦਿਨੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਖਵਾਜਾ ਵਰਦਾਗ ਹੋਇਆਂ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਭੇਜੀ ਗਈ 24 ਲੱਖ 39 ਹਜਾਰ 114 ਰੁਪਏ ਦੀ ਗਰਾਂਟ ਨੂੰ ਖੁਰਦ ਬੁਰਦ ਕਰਨ ਨੂੰ ਲੈ ਕੇ ਉਸ ਮੌਕੇ ਦੇ ਬੀਡੀਪੀਓ ਡੇਰਾ ਬਾਬਾ ਨਾਨਕ ਸਮੇਤ ਤਿੰਨ ਮਲਾਜ਼ਮਾਂ ਤੇ ਐਫਆਈਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਤੇ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਦਿਖਾਉਂਦਿਆਂ ਹੋਇਆ ਪਿੰਡ ਖਵਾਜਾ ਵਰਦਾਗ ਤੇ ਸ਼ਿਕਾਇਤਕਰਤਾ ਸੁਖਜਿੰਦਰ ਸਿੰਘ ਮੱਲ੍ਹੀ ਵਾਸੀ ਪਿੰਡ ਖਵਾਜਾ ਵਰਦਾਗ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ 8/12/2018 ਨੂੰ ਮਾਣਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਵਿਚ ਇਕ ਰਿੱਟ ਪਾਈ ਗਈ ਸੀ ਕਿ ਪਿੰਡ ਵਿੱਚ ਲੱਗੇ ਪੰਚਾਇਤ ਸਕੱਤਰ ਤੇ ਪ੍ਰਬੰਧਕ ਵੱਲੋਂ ਬੀਡੀਪੀਓ ਦੀ ਮਿਲੀ ਭੁਗਤ ਨਾਲ, ਸਰਕਾਰ ਵੱਲੋਂ ਭੇਜੀ ਗਈ ਲੱਖਾਂ ਰੁਪਏ ਦੀ ਗਰਾਂਟ ਨੂੰ ਖੁਰਦ ਬੁਰਦ ਕੀਤਾ ਗਿਆ ਹੈ ਜਿਸ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ ਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮਾਨਯਗ ਹਾਈ ਕੋਰਟ ਵੱਲੋਂ ਇਸ ਗਬਨ ਦੀ ਜਾਂਚ ਲਈ ਇਕ ਟੀਮ ਭੇਜੀ ਗਈ ਸੀ ਜਿਸ ਵੱਲੋਂ ਜਾਂਚ ਕਰਨ ਉਪਰੰਤ ਰਿਪੋਰਟ ਹਾਈ ਕੋਰਟ ਨੂੰ ਸੌਂਪੀ ਗਈ ਸੀ। ਜਿਸ ਤੇ ਮਾਣਯੋਗ ਹਾਈ ਕੋਰਟ ਵੱਲੋਂ 28/11/2019 ਨੂੰ ਫੈਸਲਾ ਸੁਣਾਉਂਦਿਆਂ ਹੋਇਆ ਸਬੰਧਤ ਵਿਭਾਗ ਨੂੰ ਉਕਤ ਮੁਲਾਜ਼ਮਾਂ ਖ਼ਿਲਾਫ਼ 60 ਦਿਨਾਂ ਦੇ ਅੰਦਰ ਅੰਦਰ ਕਾਨੂੰਨੀ ਕਾਰਵਾਈ ਕਰਨ ਤੇ ਵਸੂਲੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਰ ਸਬੰਧਤ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਅਸੀਂ ਦੁਬਾਰਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਦੱਸਿਆ ਕਿ ਮਾਣਯੋਗ ਹਾਈ ਕੋਰਟ ਵੱਲੋਂ CWP-18070-(O&M) ਅਨੁਸਾਰ ਮਿਤੀ 13/09/2021 ਨੂੰ ਆਪਣਾ ਫੈਸਲਾ ਸੁਣਾਉਂਦਿਆਂ ਹੋਇਆ ਉਸ ਮੌਕੇ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਸਬੀਰ ਸਿੰਘ, ਗਰਾਮ ਸੇਵਕ ਨਰਿੰਦਰ ਕੁਮਾਰ ਤੇ ਪੰਚਾਇਤ ਸਕੱਤਰ ਕੰਵਲਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਹੋਇਆਂ ਉਕਤ ਮੁਲਾਜ਼ਮਾਂ ਖ਼ਿਲਾਫ਼ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਅਤੇ ਗਬਨ ਦੀ ਰਕਮ ਦੇ ਵਿਆਜ ਸਮੇਤ ਵਸੂਲੀ ਕਰਨ ਦੇ ਹੁਕਮ ਦਿੱਤੇ ਸਨ। ਸੁਖਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਅੱਜ 2 ਮਹੀਨੇ ਬੀਤ ਜਾਣ ਦੇ ਬਾਵਯਦ ਵੀ ਪੰਚਾਇਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਕਤ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕੇ ਜੇਕਰ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਜਲਦੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਦੁਬਾਰਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਇਸ ਸਬੰਧੀ ਜਦ ਡੀਡੀਪੀਓ ਗੁਰਦਾਸਪੁਰ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਅਜੇ ਤਕ ਨਹੀਂ ਪਹੁੰਚੀ ਜਦ ਵੀ ਸਾਨੂੰ ਹਾਈ ਕੋਰਟ ਦੇ ਫ਼ੈਸਲੇ ਦੀ ਕਾਪੀ ਮਿਲਦੀ ਹੈ ਤਾਂ ਸਬੰਧਤ ਅਧਿਕਾਰੀਆਂ ਖਿਲਾਫ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।