ਵੱਡੀ ਖਬਰ.. ਗੁਰਪ੍ਰੀਤ ਸਿੰਘ ਤੋਂ ਫਰੋਤੀ ਦੇ ਮਾਮਲੇ ‘ਚ ਜਾਨਲੇਵਾ ਹਮਲਾ ਕਰਨ ਵਾਲਿਆਂ ਚੋਂ ਇੱਕ ਮੁਲਜ਼ਮ ਪਸਤੌਲ,3 ਜ਼ਿੰਦਾ ਕਾਰਤੂਸ ਅਤੇ 255 ਗ੍ਰਾਮ ਹੈਰੋਇਨ ਸਮੇਤ ਕਾਬੂ
ਬਟਾਲਾ 15 ਨਵੰਬਰ (ਬਿਊਰੋ ) : ਬੇ-ਅਦਬੀ ਮਾਮਲੇ ਤੇ ਨਵੀਂ ਬਣੀ ਸਿੱਟ ਦੇ ਅਹਿਮ ਮੈਂਬਰ ਅਤੇ ਐਸ ਐਸ ਪੀ ਬਟਾਲਾ ਸ: ਮੁਖਵਿੰਦਰ ਸਿੰਘ ਭੁੱਲਰ ਨੇ ਅੱਜ ਖਚਾਖਚ ਭਰੀ ਪ੍ਰੈੱਸ ਕਾਨਫਰੰਸ ਵਿੱਚ ਵੱਡਾ ਦਾਅਵਾ ਕਰਦਿਆਂ ਦੱਸਿਆ ਕਿ ਬਟਾਲਾ ਪੁਲਸ ਦੇ ਹੱਥੇ ਇੱਕ ਗੈਂਗਸਟਰ ਚੜਿਆ ਹੈ,ਜਦਕੇ ਤਿੰਨ ਹੋਰਨਾਂ ਦੀ ਭਾਲ ਜਾਰੀ ਹੈ। ਸ: ਭੁੱਲਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਹੀ ਗੈਂਗਸਟਰਾਂ ਦੇ ਗਰੁੱਪ ਨੇ ਕੁੱਝ ਰੋਜ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਬਟਾਲਾ ਤੇ ਫਰੋਤੀ ਦੇ ਮਾਮਲੇ ਵਿੱਚ ਜਾਨਲੇਵਾ ਹਮਲਾ ਕੀਤਾ ਸੀ,ਜਿਸ ਦੀ ਇਤਲਾਹ ਗੁਰਪ੍ਰੀਤ ਸਿੰਘ ਵੱਲੋਂ ਸਬੰਧਤ ਥਾਣੇ ਨੂੰ ਦਿੱਤੀ ਗਈ। ਜਿਸ ਵਿਚ ਗੁਰਪ੍ਰੀਤ ਸਿੰਘ ਨੇ ਦੱਸਿਆ ਸੀ,ਕਿ ਉਹ ਅਤੇ ਉਸ ਦਾ ਮਿੱਤਰ ਦੀਕਸ਼ਤ ਕੁਮਾਰ ਕੰਪਨੀ ਦੀ ਗੱਡੀ ਤੇ ਆਪਣੇ ਕਿਸੇ ਨਜ਼ਦੀਕੀ ਦਾ ਸਮਾਗਮ ਦੇਖਣ ਲਈ ਕਾਹਨੂੰਵਾਨ ਰੋਡ ਸਥਿਤ ਗੋਬਿੰਦ ਨਗਰ ਵਿੱਚ ਗਏ ਸਨ। ਅੱਗੋਂ ਪੁਲਿਸ ਦੇ ਦੱਸਣ ਮੁਤਾਬਕ ਜਦੋਂ ਉਹ ਸਮਾਗਮ ਦੇਖ ਕੇ ਬਾਹਰ ਨਿਕਲੇ ਤਾਂ 2 ਮੋਟਰ ਸਾਈਕਲਾਂ ਤੇ ਸਵਾਰ ਚਾਰ ਨੌਜਵਾਨ ਉਨ੍ਹਾਂ ਦੇ ਨਜਦੀਕ ਆਏ,ਜਿਨ੍ਹਾਂ ਵਿਚੋਂ ਮਲਕੀਅਤ ਸਿੰਘ ਨਵਾਬ ਅਤੇ ਅਵਤਾਰ ਸਿੰਘ ਹਰੀ ਨੇ ਆਣਕੇ ਗੁਰਪ੍ਰੀਤ ਸਿੰਘ ਨੂੰ ਕਿਹਾ,ਕਿ ਤੂੰ ਹੈਰੀ ਚੱਠਾ ਵੱਲੋਂ ਮੰਗੀ ਗਈ ਫਿਰੌਤੀ ਦੀ ਰਕਮ ਨਹੀਂ ਦਿੱਤੀ,ਇਸ ਲਈ ਤੈਨੂੰ ਮਾਰ ਦੇਣਾ,ਏਨਾ ਕਹਿੰਦੇ ਹੋਏ ਉਨ੍ਹਾਂ ਆਪਣੀਆਂ ਡੱਬ ਵਿਚੋਂ ਪਿਸਤੌਲਾਂ ਕੱਢ ਕੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਹੜੀਆਂ ਗੱਡੀ ਤੇ ਲੱਗੀਆਂ ਅਤੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਮਿੱਤਰ ਦੀਕਸ਼ਤ ਨੇ ਭੱਜ ਕੇ ਬੜੀ ਮੁਸ਼ਕਲ ਨਾਲ ਜਾਨ ਬਚਾਈ। ਸ: ਭੁੱਲਰ ਨੇ ਹੋਰ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਤੁਰੰਤ ਹਰਕਤ ‘ਚ ਆਉਂਦੇ ਹੋਏ,ਐਸ ਪੀ ਹੈਡਕੁਆਟਰ ਸ: ਗੁਰਪ੍ਰੀਤ ਸਿੰਘ ਗਿੱਲ ਅਤੇ ਡੀਐਸਪੀ ਸਿਟੀ ਮੈਡਮ ਪਰਵਿੰਦਰ ਕੌਰ ਦੀ ਅਗਵਾਈ ‘ਚ ਟੀਮ ਬਣਾਈ,ਜਿਨ੍ਹਾਂ ਪਹਿਲਾਂ ਸੀ.ਸੀ.ਟੀ. ਵੀ ਰਾਹੀਂ ਸਬੰਧਤ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਅਤੇ ਬਾਅਦ ਵਿੱਚ ਛਾਪੇਮਾਰੀ ਕਰਦੇ ਹੋਏ,ਉਨ੍ਹਾਂ ਵਿੱਚੋਂ ਅਵਤਾਰ ਸਿੰਘ ਹਰੀ ਨੂੰ ਕਾਬੂ ਕਰ ਲਿਆ,ਜਿਸ ਕੋਲੋਂ ਇੱਕ ਪਸਤੌਲ 3 ਜ਼ਿੰਦਾ ਕਾਰਤੂਸ ਅਤੇ 255 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਪੁਲਸ ਮੁਖੀ ਮੁਤਾਬਕ ਇਸ ਕੇਸ ਦੀ ਹੋਰ ਤਫਦੀਸ਼ ਜੰਗੀ ਪੱਧਰ ਤੇ ਜਾਰੀ ਹੈ ਅਤੇ ਰਹਿੰਦੇ ਕਥਿਤ ਗੈਂਗਸਟਰ ਜਲਦ ਦਬੋਚ ਲਏ ਜਾਣਗੇ। ਉਨ੍ਹਾਂ ਆਖਰ ‘ਚ ਕਿਹਾ ਕਿ ਅਸੀਂ ਪੁਲਿਸ ਜ਼ਿਲਾ ਬਟਾਲਾ ਵਿੱਚ ਗੈਂਗਸਟਰਾਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ ਅਤੇ ਜਿਸ ਨੇ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਉਸ ਨੂੰ ਮਸਲ ਦਿੱਤਾ ਜਾਵੇਗਾ।