ਕਨੇਡਾ ਵਿੱਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ 23 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ‘ਚ ਤਿੰਨ ਖਿਲਾਫ ਮਾਮਲਾ ਦਰਜ
ਟਾਂਡਾ ਉੜਮੁੜ / ਦਸੂਹਾ , 9 ਦਸੰਬਰ (ਚੌਧਰੀ ) : ਪਿੰਡ ਢਡਿਆਲਾ ਵਾਸੀ ਵਿਅਕਤੀ ਨੂੰ ਕਨੇਡਾ ਵਿੱਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ 23 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਟਾਂਡਾ ਪੁਲਸ ਨੇ 3 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ|ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਅਮ੍ਰਿਤਪਾਲ ਸਿੰਘ ਪੁੱਤਰ ਅਜੀਤ ਸਿੰਘ ਦੇ ਬਿਆਨ ਦੇ ਅਧਾਰ ਤੇ ਕੁਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਜਸਮੀਨ ਟਾਵਰ ਜਲੰਧਰ, ਜਸਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮੇਹਰ ਭਟੋਲੀ ( ਦਸੂਹਾ) ਅਤੇ ਮੁਕੇਸ਼ ਕੁਮਾਰ ਪੁੱਤਰ ਤੁਲਸੀ ਰਾਮ ਵਾਸੀ ਡੇਰਾ ਬਾਬਾ ਨਾਨਕ ਦੇ ਖਿਲਾਫ ਦਰਜ ਕੀਤਾ ਹੈ|ਜ਼ਿਲ੍ਹਾ ਪੁਲਸ ਮੁਖੀ ਦਫਤਰ ਵਿੱਚ ਦਿੱਤੀ ਆਪਣੀ ਸ਼ਿਕਾਇਤ ‘ਚ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਕਤ ਮੁਲਜਮਾਂ ਨੇ ਉਸਨੂੰ ਕਨੇਡਾ ਵਿੱਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦਿੱਤਾ ਅਤੇ 2019 ਵਿੱਚ 23 ਲੱਖ ਰੁਪਏ ਲਏ ਸਨ ਬਾਅਦ ਵਿੱਚ ਮੋਬਾਈਲ ਵਿੱਚ ਵੀਜੇ ਦੀ ਕਾਪੀ ਦਿਖਾਉਣ ਤੋਂ ਬਾਅਦ ਕੋਰੋਨਾ ਅਤੇ ਲਾਕਡਾਊਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਉਸਨੂੰ ਕਨੇਡਾ ਨਹੀਂ ਭੇਜਿਆ| ਬਾਅਦ ਵਿੱਚ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਜਦੋੰ ਉਸਨੇ ਆਪਣੀ ਰਕਮ ਵਾਪਸ ਮੰਗੀ ਤਾਂ ਟਾਲ ਮਟੋਲ ਕਰਨ ਤੋਂ ਬਾਅਦ ਅਖੀਰ 26 ਅਪ੍ਰੈਲ 2021 ਨੂੰ ਉਸਦਾ ਪਾਸਪੋਰਟ ਵਾਪਸ ਕਰ ਦਿੱਤਾ ਪਰੰਤੂ ਮੁਲਜ਼ਮ ਮੁਕੇਸ਼ ਕੁਮਾਰ ਵੱਲੋ ਦਿੱਤਾ ਗਿਆ 23 ਲੱਖ ਰੁਪਏ ਦਾ ਚੈੱਕ ਬੈਂਕ ਵਿੱਚੋਂ ਖਾਤਾ ਬੰਦ ਹੋਣ ਕਾਰਨ ਬਾਊਂਸ ਹੋ ਗਿਆ|ਬਾਅਦ ਵਿੱਚ ਉਸਦੀ ਰਕਮ ਵਾਪਸ ਨਾ ਕਰਨ ਤੇ ਪੁਲਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਅਤੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਥਾਣੇਦਾਰ ਅਜੀਤ ਸਿੰਘ ਮਾਮਲੇ ਦੀ ਹੁਣ ਜਾਂਚ ਕਰ ਰਹੇ ਹਨ |