ਗੁਰਦਾਸਪੁਰ 20 ਦਸੰਬਰ ( ਅਸ਼ਵਨੀ ) :- ਜਿਲਾ ਗੁਰਦਾਸਪੁਰ ਦਰਿਆ ਬਿਆਸ ਕੰਢੇ ਵਸਦੇ ਪਿੰਡ ਮੌਜਪੁਰ ਨਜਾਇਜ਼ ਸ਼ਰਾਬ ਦੀ ਕਸ਼ੀਦਗੀ ਲਈ ਬਦਨਾਮ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਨੂੰ ਸ਼ਰਾਬ ਦੇ ਜੰਜਾਲ ਚੋਂ ਕੱਢਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਦਾ ਖਾਕਾ ਤਿਆਰ ਕੀਤਾ ਗਿਆ ਹੈ। ਜਿਸ ਦੇ ਤਹਿਤ ਪਿੰਡ ਮੌਜਪੁਰ ਨੇੜੇ ਦਰਿਆ ਬਿਆਸ ਦੇ ਪਰਲੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਵੱਡਾ ਪਿਕਨਿਕ ਸਪੌਟ ਬਣਾਇਆ ਜਾ ਰਿਹਾ ਹੈ। ਇਸ ਪਿਕਨਿਕ ਸਪੌਟ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਲੈਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਪਿੰਡ ਦੇ ਸਰਪੰਚ ਦਲਬੀਰ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤੇ ਲੋਕਾਂ ਨਾਲ ਇਸ ਸਥਾਨ ਉੱਤੇ ਬਣਨ ਵਾਲੇ ਪ੍ਰਾਜੈਕਟ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਇੰਜੀਨੀਅਰ ਬਲਦੇਵ ਸਿੰਘ ਅਤੇ ਇੰਜਨੀਅਰ ਚਰਨਜੀਤ ਸਿੰਘ ਦੀ ਹਾਜ਼ਰੀ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਿਆ ਬਿਆਸ ਦੇ ਇਸ ਕੁਦਰਤੀ ਖਿੱਤੇ ਵਿਚ ਇਕ ਵੱਡਾ ਟੂਰਿਸਟ ਹੱਬ ਬਣਾਉਣਾ ਚਾਹੁੰਦੀ ਹੈ ਇਸ ਲਈ ਪ੍ਰਬੰਧ ਮੁੱਢਲੇ ਪੜਾਅ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਦਰਿਆ ਦੇ ਦੋਵੇਂ ਪਾਸੇ ਆਮ ਸੈਲਾਨੀਆਂ ਦੇ ਲਾਂਘੇ ਲਈ ਵੱਡੇ ਬੇੜੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਓਪਨ ਜਿੰਮ ਅਤੇ ਸ਼ੋਅ ਵਾਲੇ ਪੌਦਿਆਂ ਤੋਂ ਇਲਾਵਾ ਵੱਡਾ ਸੁੰਦਰ ਪਾਰਕ ਵੀ ਬਣੇਗਾ।ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਉਪਰ 50 ਲੱਖ ਦੇ ਕਰੀਬ ਰਕਮ ਖਰਚੀ ਜਾਵੇਗੀ।ਇਸ ਪ੍ਰੋਜੈਕਟ ਨੂੰ ਜੋੜਦੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ।ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵੱਖ ਵੱਖ ਅਧਿਕਾਰੀਆਂ ਨੂੰ ਉਨ੍ਹਾਂ ਦੇ ਕੰਮਾਂ ਤੋਂ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਅਤੇ 26 ਜਨਵਰੀ ਨੂੰ ਫਿਰ ਤੋਂ ਇਸ ਸਥਾਨ ਉੱਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਅਤੇ ਹੋਰ ਲੋੜੀਂਦੇ ਸਾਮਾਨ ਬਾਰੇ ਵੀ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਰੱਖੀ ਹੈ। ਇਸ ਮੌਕੇ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਪੰਚਾਇਤ ਦੇ ਨੁਮਾਇੰਦੇ ਅਤੇ ਇਲਾਕੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਜਪੁਰ ਦੇ ਨੌਜਵਾਨ ਵਰਗ ਨੂੰ ਸਵੈ ਰੁਜ਼ਗਾਰ ਦਿੰਦੇ ਹੋਏ ਉਨ੍ਹਾਂ ਨੂੰ ਸਿੱਖਿਅਤ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿਚ ਦੋ ਦਿਨਾਂ ਦੇ ਅੰਦਰ ਚਾਰ ਕੰਪਿਊਟਰ ਲਗਾ ਦਿੱਤੇ ਜਾਣਗੇ। ਜਿਨ੍ਹਾਂ ਤੋਂ ਪਿੰਡ ਦੇ ਨੌਜਵਾਨ ਇਕ ਵਿਸ਼ੇਸ਼ ਤਕਨੀਕੀ ਅਧਿਆਪਕ ਰਾਹੀਂ ਮੁੱਢਲੇ ਕੋਰਸ ਕਰਕੇ ਰੁਜ਼ਗਾਰ ਦੇ ਯੋਗ ਵੀ ਬਣਨਗੇ। ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫਸਰ ਜਰਨੈਲ ਸਿੰਘ ਐੱਸ ਡੀ ਓ ਪਰਮਵੀਰ ਸਿੰਘ ਸੰਧੂ ਹਰਮਨਪ੍ਰੀਤ ਸਿੰਘ ਸਰਪੰਚ ਦਲਬੀਰ ਸਿੰਘ ਕਾਂਗਰਸੀ ਆਗੂ ਹਰਦੇਵ ਪਾਲ ਸਿੰਘ ਆਲਮਾ ਅਤੇ ਹੋਰ ਵੀ ਇਲਾਕੇ ਦੇ ਲੋਕ ਹਾਜ਼ਰ ਸਨ ।
ਵਿਆਸ ਦਰਿਆ ਤੋਂ ਪਾਰ ਬਣਾਇਆ ਜਾਵੇਗਾ ਵੱਡਾ ਪਿਕਨਿਕ ਸਪੌਟ : ਡਿਪਟੀ ਕਮਿਸ਼ਨਰ ਗੁਰਦਾਸਪੁਰ
- Post published:December 20, 2021