ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਚੱਲ ਰਹੀ ਭੁੱਖ ਹਡ਼ਤਾਲ 10ਵੇਂ ਦਿਨ ਵੀ ਜਾਰੀ
ਬਟਾਲਾ 17 ਨਵੰਬਰ ( ਸ਼ਰਮਾ) : ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਆਜ਼ਾਦ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ, ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਮੇਸ਼ ਨਈਅਰ ਅਤੇ ਲੋਕ ਇਨਸਾਫ ਪਾਰਟੀ ਦੇ ਹਲਕਾ ਬਟਾਲਾ ਦੇ ਇੰਚਾਰਜ ਵਿਜੇ ਤ੍ਰੇਹਨ ਦੀ ਅਗਵਾਈ ਚ ਭੁੱਖ ਹਡ਼ਤਾਲ ਚੱਲ ਰਹੀ ਹੈ ਜੋ ਬੁੱਧਵਾਰ ਨੂੰ 10ਵੇੰ ਦਿਨ ਵੀ ਰਹੀ। ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਚੱਲ ਰਹੀ ਇਸ ਭੁੱਖ ਹੜਤਾਲ ਦੇ ਸੰਘਰਸ਼ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦ ਨਿਹੰਗ ਸਿੰਘ ਜਥੇਬੰਦੀਆਂ, ਸਮਾਜ ਸੇਵੀ, ਵਪਾਰ ਮੰਡਲ ਨੇ ਹਡ਼ਤਾਲ ਚ ਸ਼ਮੂਲੀਅਤ ਕਰਕੇ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਬਟਾਲੇ ਨੂੰ ਤੁਰਨ ਤੇ ਜ਼ਿਲ੍ਹਾ ਐਲਾਨਿਆ ਜਾਵੇ ।ਸੰਘਰਸ਼ ਕਰ ਰਹੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ, ਰਮੇਸ਼ ਨਈਅਰ ਅਤੇ ਵਿਜੇ ਤ੍ਰੇਹਨ ਨੇ ਕਿਹਾ ਕਿ ਜਿੰਨਾ ਚਿਰ ਬਟਾਲਾ ਨੂੰ ਜ਼ਿਲਾ ਐਲਾਨਿਆ ਨਹੀਂ ਜਾਂਦਾ, ਉਨ੍ਹਾਂ ਚਿਰ ਭੁੱਖ ਹਡ਼ਤਾਲ ਜਾਰੀ ਰਹੇਗੀ। ਉਨ੍ਹਾਂ ਬਟਾਲਾ ਦੀਆਂ ਸਮੂਹ ਸਮਾਜਿਕ, ਧਾਰਮਿਕ, ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਘਰਸ਼ ਚ ਸਮਰਥਨ ਦੇਣ ।ਪ੍ਰਧਾਨ ਕਲਸੀ, ਰਮੇਸ਼ ਨਈਅਰ ਅਤੇ ਵਿਜੇ ਤ੍ਰੇਹਨ ਨੇ 16 ਨਵੰਬਰ ਦੇ ਸਫ਼ਲ ਬੰਦ ਦਾ ਸਮੁੱਚੇ ਬਟਾਲਾ ਵਾਸੀਆਂ ਤੇ ਦੁਕਾਨਦਾਰਾਂ ਦਾ ਦਿਲੋਂ ਧੰਨਵਾਦ ਕੀਤਾ । ਦਸਵੇਂ ਦਿਨ ਇਹ ਸੰਘਰਸ਼ ਨਿਹੰਗ ਸਿੰਘ ਜਥੇਬੰਦੀ ਦੇ ਬਾਬਾ ਹਰਕੰਵਲ ਸਿੰਘ ਅਤੇ ਸਮਾਜ ਸੇਵੀ ਹਰਪਿੰਦਰ ਸਿੰਘ ਠੀਕਰੀਵਾਲ ਨੇ ਕਿਹਾ ਕਿ ਬਟਾਲਾ ਪੂਰਨ ਜ਼ਿਲ੍ਹਾ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਬਿਨਾਂ ਦੇਰੀ ਬਟਾਲਾ ਨੂੰ ਜ਼ਿਲ੍ਹਾ ਐਲਾਨ ਦੇਣਾ ਚਾਹੀਦਾ ਹੈ ।ਬਟਾਲਾ ਨੂੰ ਜ਼ਿਲਾ ਬਣਾਉਣ ਦੇ ਲਈ ਚੱਲ ਰਹੇ ਭੁੱਖ ਹਡ਼ਤਾਲ ਚ ਵੱਖ ਵੱਖ ਵਰਗਾਂ ਵੱਲੋਂ ਦਿੱਤੇ ਜਾ ਰਹੇ ਸਮਰਥਨ ਨਾਲ ਸੰਘਰਸ਼ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ ।