ਹੁਸ਼ਿਆਰਪੁਰ,(ਤਰਸੇਮ ਦੀਵਾਨਾ)
8 ਨਵੰਬਰ : ਡੇਰਾ ਸੰਤਗੜ੍ਹ ਹਰਖੋਵਾਲ ‘ਤੇ ਹਥਿਆਰਬੰਦ ਵਿਅਕਤੀਆਂ ਨੇ ਅੱਜ ਸਵੇਰੇ ਕਰੀਬ 2 ਵਜੇ ਕਬਜ਼ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਉਹਸੋਨਾ, ਵਿਦੇਸ਼ੀ ਤੇ ਭਾਰਤੀ ਕਰੰਸੀ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਮੇਹਟੀਆਣਾ ਪੁਲਿਸ ਵਲੋਂ 5 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਦਰਜਨਾਂ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਥਾਣਾ ਮੇਹਟੀਆਣਾ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਹਰਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਖੜੌਦੀ ਨੇ ਦੱਸਿਆ ਕਿ ਉਹ ਡੇਰੇ ਦੇ ਮੌਜੂਦਾ ਮੁਖੀ ਸੰਤ ਅਮਰਜੀਤ ਸਿੰਘ ਦਾ ਨਿੱਜੀ ਸੇਵਾਦਾਰ ਹੈ ਅਤੇ ਇਸ ਤੋਂ ਪਹਿਲਾਂ ਉਸ ਨੇ ਪਹਿਲੇ ਡੇਰਾ ਮੁਖੀ ਸੰਤ ਮਨਜੀਤ ਸਿੰਘ ਨਾਲ 4 ਸਾਲ ਤੱਕ ਸੇਵਾ ਕੀਤੀ ਹੈ। ਉਸ ਨੇ ਦੱਸਿਆ ਕਿ ਅੱਜ ਤੜਕਸਾਰ ਕਰੀਬ 2 ਵਜੇ ਅਚਾਨਕ ਡੇਰੇ ‘ਚ ਰੌਲਾ ਪਿਆ ਤਾਂ ਉਸ ਨੇ ਦੇਖਿਆ ਕਿ ਕਰੀਬ 40-50 ਵਿਅਕਤੀ ਮਾਰੂ ਹਥਿਆਰਾਂ ਨਾਲ ਲੈੱਸ ਸਨ, ਜਿਨ੍ਹਾਂ ‘ਚੋਂ ਕੁੱਝ ਵਿਅਕਤੀ ਮੈਨ ਕੈਬਿਨ ਦਾ ਦਰਵਾਜ਼ਾ ਤੋੜ ਰਹੇ ਸਨ ਅਤੇ ਫਿਰ ਉਹ ਸੰਤ ਅਮਰਜੀਤ ਸਿੰਘ ਦੇ ਕਮਰੇ ਦਾ ਦਰਵਾਜ਼ਾ ਤੋੜਨ ਲੱਗੇ। ਇਸ ਤੋਂ ਬਾਅਦ ਇਕ ਅਣਜਾਨ ਵਿਅਕਤੀ ਨੇ ਉਸ ‘ਤੇ ਪਿਸਤੌਲ ਤਾਣ ਦਿੱਤੀ ਅਤੇ ਉਸ ਦੇ ਹੱਥ ਪਿੱਛੇ ਬੰਨ੍ਹ ਦਿੱਤੇ। ਜਦੋਂ ਸੰਤ ਅਰਜੀਤ ਸਿੰਘ ਉਨ੍ਹਾਂ ਨਹੀਂ ਮਿਲੇ ਤਾਂ ਉਕਤ ਵਿਅਕਤੀਆਂ ਨੇ ਸੰਤਾਂ ਦੇ ਕਮਰੇ ‘ਚ ਪਈਆਂ ਅਲਮਾਰੀਆਂ ਦੀ ਭੰਨ-ਤੋੜ ਕੀਤੀ ਅਤੇ ਸੰਗਤਾਂ ਵਲੋਂ ਝੜਾਇਆ ਕਰੀਬ ਇਕ ਡੇਢ ਕਿੱਲੋ ਸੋਨਾ, 20 ਲੱਖ ਰੁਪਏ, ਵਿਦੇਸ਼ੀ ਕਰੰਸੀ, ਕੀਮਤੀ ਘੜੀਆਂ, 1 ਲੈਪਟਾਪ, 1 ਐਪਲ ਘੜੀ, 2 ਐਪਲ ਮੋਬਾਈਲ ਅਤੇ ਸੇਵਾਦਾਰਾਂ ਕੋਲੋਂ 12-15 ਮੋਬਾਈਲ ਜਬਰੀ ਖੋਹ ਲਏ। ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਇਕ ਨਿੰਹਗ ਸਿੰਘ ਦੇ ਬਾਣੇ ਵਾਲੇ ਵਿਅਕਤੀ ਨੇ ਕਿਸੇ ਨੂੰ ਫ਼ੋਨ ‘ਤੇ ਕਿਹਾ ਕਿ ਉਹ ਡੇਰਾ ਹਰਖੋਵਾਲ ‘ਚ ਹਨ ਅਤੇ ਉਨ੍ਹਾਂ ਕਾਫ਼ੀ ਕੀਮਤੀ ਸਾਮਾਨ ਲੈ ਲਿਆ ਹੈ ਅਤੇ ਬਾਬਾ ਭਗਵਾਨ ਸਿੰਘ ਡੇਰਾ ਸੰਤਗੜ੍ਹ ਕਪੂਰਥਲਾ ਰੋਡ ਜਲੰਧਰ ਨੂੰ ਦੱਸ ਦਿਓ ਕਿ ਅਸੀਂ ਬਾਬਾ ਅਮਰਜੀਤ ਸਿੰਘ ਨੂੰ ਲੱਭ ਕੇ ਸਾਰਾ ਕੰਮ ਫ਼ਤਿਹ ਕਰਕੇ ਆਵਾਂਗੇ ਅਤੇ ਤੁਸੀ ਸੰਤ ਭਗਵਾਨ ਸਿੰਘ ਨੂੰ ਨਾਲ ਲੈ ਕੇ ਡੇਰੇ ਦਾ ਕੰਮ ਸਾਂਭ ਲਓ। ਇਸ ਦੌਰਾਨ ਉਨ੍ਹਾਂ ਦਫ਼ਤਰ ‘ਚੋਂ ਡੀ.ਵੀ.ਆਰ., ਡੇਰੇ ਦੀਆਂ ਗੱਡੀਆਂ ਦੀਆਂ ਚਾਬੀਆਂ ਅਤੇ ਹੋਰ ਕੀਮਤੀ ਸਾਮਾਨ ਲੈ ਲਿਆ, ਪ੍ਰੰਤੂ ਪੁਲਿਸ ਅਤੇ ਸੰਗਤ ਨੂੰ ਆਉਂਦਿਆਂ ਦੇਖ ਕੇ ਆਪਣੀਆਂ ਗੱਡੀਆਂ ‘ਚ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਕੁੱਝ ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਇਸ ਸਾਰੀ ਘਟਨਾ ਪਿੱਛੇ ਬਾਬਾ ਭਗਵਾਨ ਸਿੰਘ ਜਲੰਧਰ, ਈਸ਼ਵਰ ਸਿੰਘ ਪੁੱਤਰ ਸੇਵਾ ਸਿੰਘ, ਦੀਦਾਰ ਸਿੰਘ ਪੁੱਤਰ ਸੇਵਾ ਸਿੰਘ ਦਾ ਹੱਥ ਹੈ।ਥਾਣ ਮੇਹਟੀਆਣਾ ਦੀ ਇੰਚਾਰਜ ਇੰਸਪੈਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਤਰਸੇਮ ਸਿੰਘ ਢਿੱਲੋਂ ਵਾਸੀ ਭੀਰਾ ਖੇੜੀ (ਯੂ.ਪੀ.), ਸਤਵੀਰ ਸਿੰਘ ਵਾਸੀ ਯੂ.ਪੀ,ਬਾਬਾ ਭਗਵਾਨ ਸਿੰਘ ਡੇਰਾ ਸੰਤਗੜ੍ਹ ਜਲੰਧਰ, ਈਸ਼ਵਰ ਸਿੰਘ ਡੇਰਾ ਸੰਤਗੜ੍ਹ ਜਲੰਧਰ, ਦੀਦਾਰ ਸਿੰਘ ਡੇਰਾ ਸੰਤਗੜ੍ਹ ਜਲੰਧਰ ਸਮੇਤ ਅਨੇਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।