ਹੁਸ਼ਿਆਰਪੁਰ, 13 ਨਵੰਬਰ(ਬਿਊਰੋ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਵਿਚ ਸਵੱਛ ਸਰਵੇਖਣ ਗ੍ਰਾਮੀਣ-2021 ਦੀ ਸ਼ੁਰੂਆਤ ਕਰਦਿਆਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿਚ ਸਾਫ਼-ਸਫ਼ਾਈ ਦੇ ਪੱਧਰ ਵਿਚ ਹੋਰ ਸੁਧਾਰ ਲਿਆ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਹੋਰ ਉਚਾ ਚੁੱਕਿਆ ਜਾ ਸਕਦਾ ਹੈ।
ਸਵੱਛ ਸਰਵੇਖਣ ਗ੍ਰਾਮੀਣ-2021 ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਇਹ ਸਰਵੇਖਣ ਇਕ ਅਹਿਮ ਪ੍ਰਕਿਰਿਆ ਹੈ ਜਿਸ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਚੰਗ ਅੰਕਾਂ ਨਾਲ ਜੇਤੂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸਾਫ਼-ਸਫ਼ਾਈ ਅਤੇ ਲੋਕਾਂ ਦੇ ਰਹਿਣ-ਸਹਿਣ ਦੇ ਪੱਧਰ ਵਿਚ ਸੁਧਾਰ ਕੌਮੀ ਪੱਧਰ ’ਤੇ ਹੋਣ ਵਾਲੇ ਸਰਵੇਖਣ ਲਈ ਬਹੁਤ ਜ਼ਰੂਰੀ ਹੈ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਸਵੱਛ ਸਰਵੇਖਣ ਦੇ ਵੱਖ-ਵੱਖ ਪੜ੍ਹਾਵਾਂ ਨੂੰ ਵਿਸਥਾਰ ਨਾਲ ਵਿਚਾਰਿਆ ਗਿਆ ਤਾਂ ਜੋ ਇਸ ਤਹਿਤ ਹੋਣ ਵਾਲੇ ਕੰਮਾਂ ਪ੍ਰਤੀ ਸਾਰੇ ਵਿਭਾਗਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਅਸ਼ਵਨੀ ਕੁਮਾਰ ਮੱਟੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ ਅਤੇ ਉਪ ਮੰਡਲ ਇੰਜੀਨੀਅਰ ਨਵਨੀਤ ਕੁਮਾਰ ਜਿੰਦਲ ਆਦਿ ਮੌਜੂਦ ਸਨ।