ਹੁਸ਼ਿਆਰਪੁਰ, 3 ਜਨਵਰੀ(ਚੌਧਰੀ) : ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਦੀ ਮੌਜੂਦਗੀ ਵਿਚ ਨਵੇਂ ਸਾਲ ’ਤੇ ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਹਰਵਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲਿਆ। ਇਸ ਦੌਰਾਨ ਰਵਿੰਦਰਪਾਲ ਬੇਗਮਪੁਰ ਜੰਡਿਆਲਾ ਵਾਈਸ ਚੇਅਰਮੈਨ ਤੇ ਲਖਵੀਰ ਸਿੰਘ ਬਸਤੀ ਅਮ੍ਰਿਤਸਰਿਆ ਮਿਲਕਫੈਡ ਪੰਜਾਬ ਦੇ ਬੋਰਡ ਆਫ਼ ਡਾਇਰੈਕਟਰਜ਼ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਵੇਰਕਾ ਮਿਲਕ ਪਲਾਂਟ ਦੇ ਨਵਨਿਯੁਕਤ ਅਹੁਦੇਦਾਰਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਮਿਲਕ ਪਲਾਂਟ ਦੀ ਪ੍ਰਗਤੀ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਲਕਫੈਡ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਕੰਮ ਕੀਤਾ ਗਿਆ ਹੈ, ਇਹੀ ਕਾਰਨ ਹੈ ਕਿ ਨਾ ਸਿਰਫ ਦੇਸ਼ ਬਲਕਿ ਵਿਦੇਸ਼ਾਂ ਵਿਚ ਵੀ ਮਿਲਕਫੈਡ ਦੇ ਉਤਪਾਦਨਾਂ ਦਾ ਵਾਧਾ ਹੋਇਆ ਹੈ।
ਇਸ ਦੌਰਾਨ ਜਨਰਲ ਮੈਨੇਜਰ ਅਨਿਲ ਸਲਾਰਿਆ ਨੇ ਕੈਬਨਿਟ ਮੰਤਰੀ ਤੇ ਵੇਰਕਾ ਮਿਲਕ ਪਲਾਂਟ ਦੇ ਨਵਨਿਯੁਕਤ ਚੇਅਰਮੈਨ ਅਤੇ ਹੋਰ ਅਹੁਦੇਦਾਰਾਂ ਦਾ ਸਵਾਗਤ ਕੀਤਾ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਵੇਰਕਾ ਮਿਲਕ ਪਲਾਂਟ ਵਲੋਂ ਨਵੇਂ ਸਾਲ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ਗਿਆ।