ਕੇਜਰੀਵਾਲ ਨੇ ਜਿਹੜੇ ਵਾਅਦੇ ਦਿੱਲੀ ਵਿੱਚ ਕੀਤੇ ਉਹਨਾਂ ਚੋਂ ਇਕ ਵੀ ਦਿੱਲੀ ‘ਚ ਲਾਗੂ ਨਹੀਂ ਕੀਤਾ : ਸੁਖਵੀਰ ਬਾਦਲ
ਹੁਸ਼ਿਆਰਪੁਰ 23 ਨਵੰਬਰ : ( ਬਿਊਰੋ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੱਸਣ ਕਿ ਜਿਹੜੇ ਵਾਅਦੇ ਉਹ ਪੰਜਾਬ ਵਿਚ ਕਰ ਰਹੇ ਹਨ, ਕੀ ਉਹਨਾਂ ਵਿਚੋਂ ਇਕ ਵੀ ਦਿੱਲੀ ਵਿਚ ਲਾਗੂ ਕੀਤਾ ਹੈ।ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮ੍ੰਤਰੀ ਦੇ ਹੱਕ ਵਿਚ ਹਲਕੇ ਵਿਚ ਰੱਖੇ, ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੁਖਵੀਰ ਸਿੰਘ ਬਾਦਲ ਨੇ ਕੇਜਰੀਵਾਲ ਨੂੰ ਆਖਿਆ ਕਿ ਉਹ ਪੰਜਾਬ ਵਿਚ ਕੀਤੇ ਵਾਅਦੇ ਪਹਿਲਾਂ ਦਿੱਲੀ ਵਿਚ ਲਾਗੂ ਕਰ ਕੇ ਆਪਣੀ ਸੰਜੀਦਗੀ ਸਾਬਤ ਕਰਨ। ਉਹਨਾਂ ਕਿਹਾ ਕਿ ਜੇਕਰ ਤੁਸੀਂ ਅਜਿਹਾ ਨਾ ਕੀਤਾ ਤਾਂ ਕੋਈ ਵੀ ਪੰਜਾਬੀ ਤੁਹਾਡੀ ਗੱਲ ’ਤੇ ਵਿਸ਼ਵਾਸ ਨਹੀਂ ਕਰੇਗਾ। ਉਹਨਾਂ ਕੇਜਰੀਵਾਲ ਨੂੰ ਪੁੱਛਿਆ ਕਿ ਉਹਨਾਂ ਨੇ ਦਿੱਲੀ ਵਿਚ ਸਾਰੀਆਂ ਮਹਿਲਾਵਾਂ ਨੁੰ 1 ਹਜ਼ਾਰ ਰੁਪਏ ਭੱਤਾ ਕਿਉਂ ਨਹੀਂ ਦਿੱਤਾ, ਦਿੱਲੀ ਵਿਚ ਖਪਤਕਾਰਾਂ ਨੁੰ 300 ਯੁਨਿਟ ਬਿਜਲੀ ਮੁਫਤ ਕਿਉਂ ਨਹੀਂ ਦਿੱਤੀ, ਕੌਮੀ ਰਾਜਧਾਨੀ ਵਿਚ ਨਵੇਂ ਹਸਤਪਾਲ ਕਿਉਂ ਨਹੀਂ ਬਣਾਏ ਗਏ ਤੇ ਨੌਜਵਾਨਾਂ ਨੂੰ ਠੇਕੇ ’ਤੇ ਰੋਜ਼ਗਾਰ ਕਿਉਂ ਦਿੱਤਾ ਜਾ ਰਿਹਾ ਹੈ ਤੇ ਹੁਣ ਤੱਕ ਉਹ ਰੈਗੂਲਰ ਕਿਉਂ ਨਹੀਂ ਕੀਤੇ ਗਏ। ਕੇਜਰੀਵਾਲ ਦੀਆਂ ਗਰੰਟੀਆਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਉਹ ਰਾਜਨੀਤੀ ਵਿਚ ਨਹੀਂ ਆਉਣਗੇ ਪਰ ਵਾਅਦਾ ਤੋੜ ਦਿੱਤਾ। ਇਸੇ ਤਰੀਕੇ ਉਹਨਾਂ ਵਾਅਦਾ ਕੀਤਾ ਸੀ ਕਿ ਕਾਂਗਰਸ ਨਾਲ ਕਦੇ ਗਠਜੋੜ ਨਹੀਂ ਕਰਨਗੇ ਵਾਅਦਾ ਕੀਤਾ ਸੀ ਕਿ ਮੁੱਖ ਮੰਤਰੀ ਦੇ ਬੰਗਲੇ ਵਿਚ ਨਹੀਂ ਰਹਿਣਗੇ ਤੇ ਤਨਖਾਹ ਨਹੀਂ ਲੈਣਗੇ ਪਰ ਬੰਗਲੇ ਵਿਚ ਵੀ ਰਹਿ ਰਹੇ ਹਨ ਤੇ ਤਨਖਾਹ ਵੀ ਲੈ ਰਹੇ ਹਨ। ਕੇਜਰੀਵਾਲ ਨੇ 2013 ਵਿਚ ਦਿੱਲੀ ਵਿਚ ਲੋਕਪਾਲ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਲੋਕਪਾਲ ਨਹੀਂ ਬਣਾਇਆ। ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬੇ ਵਿਚ ਹਾਲਾਤ ਅਜਿਹੀ ਹੋ ਗਈ ਹੈ ਕਿ ਉਸਨੂੰ ਕਿਸੇ ਵੀ ਪੰਜਾਬੀ ਜਾਂ ਸੂਬਾ ਕਨਵੀਨਰ ’ਤੇ ਲੋਕਾਂ ਨੁੰ ਗਰੰਟੀ ਦੇਣ ਲਈ ਵਿਸ਼ਵਾਸ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਵੀ ਜੋ ਕੇਜਰੀਵਾਲ ਬੋਲ ਰਹੇ ਹਨ, ਉਹ ਅਕਾਲੀ ਦਲ ਵੱਲੋਂ ਇਸ ਸਾਲ ਅਗੱਸਤ ਵਿਚ ਜਾਰੀ ਕੀਤਾ ਗਿਆ 13 ਨੁਕਾਤੀ ਏਜੰਡਾ ਹੈ। ਉਹਨਾਂ ਕਿਹਾ ਕਿ ਲੋਕ ਕਦੇ ਵੀ ਕੇਜਰੀਵਾਲ ’ਤੇ ਵਿਸ਼ਵਾਸ ਨਹੀਂ ਕਰਨਗੇ ਕਿਉਂਕਿ ਉਹ ਦਿੱਲੀ ਵਿਚ ਫੇਲ੍ਹ ਹੋ ਗਏ ਹਨ। ਉਹਨਾਂ ਕਿਹਾ ਕਿ ਮੁਹੱਲਾ ਕਲੀਨਿਕ ਜਾਂ 300 ਯੂਨਿਟ ਮੁਫਤ ਬਿਜਲੀ ਉਦੋਂ ਖਤਮ ਹੋ ਜਾਂਦੀ ਹੈ ਜਦੋਂ ਖਪਤਕਾਰ ਇਕ ਯੂਨਿਟ ਵੀ ਵੱਧ ਬਿਜਲੀ ਫੂਕ ਲੈਂਦਾ ਹੈ ਤੇ ਆਪ ਦੀਆਂ ਦਿੱਲੀ ਵਿਚ ਸਾਰੀਆਂ ਸਕੀਮਾਂ ਕੇਵ ਪ੍ਰਾਪੇਗੰਡਾ ਹੀ ਹਨ।
ਜਦੋਂ ਉਹਨਾਂ ਤੋਂ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਕੀਤੇ ਐਲਾਨਾਂ ਬਾਰੇ ਪੁੱਛਿਆ ਗਿਆ ਤਾਂ ਬਾਦਲ ਨੇ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬੀਆਂ ਨਾਲ ਵਾਅਦੇ ਕੀਤੇ ਸਨ ਪਰ ਸਾਢੇ ਚਾਰ ਸਾਲਾਂ ਵਿਚ ਕੁਝ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕਾਂਗਸ ਪਾਰਟੀ ਜਾਣਦੀ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਵਿਚ ਅਸਫਲ ਰਹੀ ਹੈ। ਉਹਨਾ ਕਿਹਾ ਕਿ ਇਹੀ ਕਾਰਨ ਹੈ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਚੰਨੀ ਨੂੰ ਇਸ ਆਸ ਵਿਚ ਮੁੱਖ ਮੰਤਰੀ ਬਣਾ ਦਿੱਤਾ ਗਿਆ ਕਿ ਪਾਰਟੀ ਖਿਲਾਫ ਸੱਤਾ ਵਿਰੋਧੀ ਲਹਿਰ ਕੁਝ ਮੱਠੀ ਪੈ ਜਾਵੇਗੀ। ਉਹਨਾਂ ਕਿਹਾ ਕਿ ਹੁਣ ਚੰਨੀ ਝੁੂਠ ਬੋਲ ਕੇ ਤੇ ਧੋਖਾ ਕਰ ਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਨ ਹਾਲਾਂਕਿ ਉਹ ਜਾਣਦੇ ਹਨ ਕਿ ਉਹ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕਣਗੇ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਚੱਬੇਵਾਲ ਪਹੁੰਚਣ ’ਤੇ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਸੈਂਕੜੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਨਿੱਘਾ ਸਵਾਗਤ ਕੀਤਾ ਤੇ ਸ਼ਹਿਰ ਵਿਚ ਦੌਰੇ ਦੌਰਾਨ ਕਾਫਲੇ ਵਿਚ ਉਹਨਾਂ ਦੇ ਅੱਗੇ ਚੱਲੇ। ਸੋਹਣ ਸਿੰਘ ਠੰਢਲ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਪਾਰਟੀ ਪ੍ਰਧਾਨ ਨੇ ਹਲਕੇ ਵਿਚ ਅਨੇਕਾਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਡੇਰਾ ਸੰਤ ਬਾਬਾ ਪੂਰਨ ਦਾਸ ਜੀ ਪਿੰਡ ਕਾਲੇਵਾਲ ਭਗਤਾਂ ਵਿਖੇ ਸੰਤ ਬਾਬਾ ਸੇਵਾ ਦਾਸ ਜੀ ਦੀ 23ਵੀਂ ਬਰਸੀ ਮੌਕੇ ਮੱਥਾ ਵੀ ਟੇਕਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਜਤਿੰਦਰ ਸਿੰਘ ਲਾਲੀ ਬਾਜਵਾ, ਵਰਿੰਦਰ ਸਿੰਘ ਬਾਜਵਾ, ਬਸਪਾ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਤੇ ਬਸਪਾ ਦੇ ਆਗੂ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਹਾਜਰ ਸਨ।