*8 ਜਨਵਰੀ ਨੂੰ ਲਾਡੋਵਾਲ ਟੋਲ ਪਲਾਜਾ ਤੇ ਪੁੱਜਣਗੇ ਹਜ਼ਾਰਾਂ ਮੁਲਾਜਮ/ ਪੈਨਸ਼ਨਰ*
*14 ਜਨਵਰੀ ਨੂੰ ਮੋਹਾਲੀ ਵਿਖੇ ਕੀਤੀ ਜਾਵੇਗੀ ਮਹਾਂਰੈਲੀ*
ਚੰਡੀਗੜ੍ਹ, 6 ਜਨਵਰੀ (ਬਿਊਰੋ ): ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਲਗਾਤਾਰ ਟਾਲਾ ਵੱਟੇ ਜਾਣ ਦੇ ਵਿਰੋਧ ਵਿੱਚ 08 ਜਨਵਰੀ ਨੂੰ ਲਾਡੋਵਾਲ ਟੋਲ ਪਲਾਜਾ ਤੇ ਕੀਤੇ ਜਾ ਰਹੇ ਚੱਕਾ ਜਾਮ ਅਤੇ 14 ਜਨਵਰੀ ਨੂੰ ਮੋਹਾਲੀ ਮਹਾਂ ਰੈਲੀ ਦੀਆਂ ਤਿਆਰੀਆਂ ਲਈ ਅੱਜ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਮੀਟਿੰਗ ਸੈਕਟਰ 22 ਵਿੱਚ ਸਥਿਤ ਮੁਲਾਜ਼ਮ ਲਹਿਰ ਦੇ ਦਫ਼ਤਰ ਵਿਖੇ ਸਾਂਝੇ ਫਰੰਟ ਦੇ ਕਨਵੀਨਰ ਠਾਕੁਰ ਸਿੰਘ ਦੀ ਪ੍ਰਧਾਨਗੀ ਵਿੱਚ ਕੀਤੀ ਗਈ ।
ਮੀਟਿੰਗ ਤੋਂ ਬਾਅਦ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਸਾਂਝੇ ਫਰੰਟ ਦੇ ਕਨਵੀਨਰਜ਼ ਸਤੀਸ਼ ਰਾਣਾ, ਸੁਖਚੈਨ ਸਿੰਘ ਖਹਿਰਾ, ਕਰਮ ਸਿੰਘ ਧਨੋਆ, ਸੁਖਦੇਵ ਸੈਣੀ, ਪਰਵਿੰਦਰ ਸਿੰਘ ਖੰਗੂੜਾ , ਹਰਦੀਪ ਟੋਡਰਪੁਰ,ਸੁਖਦੇਵ ਸਿੰਘ ਸੁਰਤਾਪੁਰੀ ਅਤੇ ਮਨਦੀਪ ਸਿੱਧੂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ,ਤਨਖਾਹ ਕਮਿਸ਼ਨ ਦੀ ਸਿਫਾਰਸ਼ ਦੇ ਬਾਵਜੂਦ ਪੈਨਸ਼ਨਰ ਨੂੰ 2.59 ਗੁਣਾਂਕ ਨਾ ਦੇਣਾ, ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਮੁਲਾਜ਼ਮ/ਪੈਨਸ਼ਨਰ ਹਿੱਤਾਂ ਅਨੁਸਾਰ ਸੋਧਾਂ ਨਾ ਕਰਨਾ, ਮੁਲਾਜ਼ਮਾਂ ਨੂੰ ਮਿਲਦੇ ਵੱਖ-ਵੱਖ ਕਿਸਮ ਦੇ ਭੱਤਿਆਂ ਤੇ ਏ.ਸੀ.ਪੀ. ਉੱਤੇ ਰੋਕ ਲਗਾਉਣਾ, ਪਰਖ ਸਮਾ ਖਤਮ ਕਰਕੇ ਪੂਰੇ ਲਾਭ ਨਾ ਦੇਣਾ , ਮਾਣ-ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਲਾਗੂ ਨਾ ਕਰਨਾ, 5ਵੇਂ ਤਨਖਾਹ ਕਮਿਸ਼ਨ ਅਨੁਸਾਰ ਅਧਿਆਪਕਾ , ਨਰਸਾ ਅਤੇ ਹੋਰ ਕੈਟਾਗਰੀ ਸਮੇਤ ਦਿੱਤਾ ਤਨਖਾਹ ਵਾਧੇ ਨੂੰ ਬਹਾਲ ਨਾ ਕਰਨਾ ,17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖਾਹ ਕਮਿਸ਼ਨ ਤੋਂ ਵਾਂਝੇ ਰੱਖਣਾ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਤੋਂ ਟਾਲਾ ਵੱਟਣਾ ਸਾਬਿਤ ਕਰਦਾ ਹੈ ਕਿ ਪੰਜਾਬ ਸਰਕਾਰ ਪੂਰੀ ਤਰਾਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਹੈ। ਉਹਨਾਂ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਂਝੇ ਫਰੰਟ ਨਾਲ 19 ਦਸੰਬਰ ਨੂੰ ਕੀਤੀ ਗਈ ਮੀਟਿੰਗ ਦਾ ਕੋਈ ਵੀ ਫੈਸਲਾ ਲਾਗੂ ਅੱਜ ਤੱਕ ਲਾਗੂ ਨਹੀਂ ਹੋ ਸਕਿਆ ਜਿਸ ਕਾਰਨ ਸਾਂਝੇ ਫਰੰਟ ਵੱਲੋਂ 8 ਜਨਵਰੀ ਨੂੰ ਦਿੱਲੀ-ਅਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਲਾਡੋਵਾਲ ਟੋਲ ਪਲਾਜਾ ਉੱਤੇ ਚੱਕਾ ਜਾਮ ਅਤੇ 14 ਜਨਵਰੀ ਨੂੰ ਮੋਹਾਲੀ ਵਿਖੇ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੋਕੇ ਮੁਲਾਜ਼ਮ / ਪੈਨਸ਼ਨਰਜ਼ ਆਗੂਆਂ ਕੁਲਵਰਨ ਸਿੰਘ, ਵਿਕਰਮਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਖੁਸ਼ਵਿੰਦਰ ਕਪਿਲਾ ,ਮਨਜੀਤ ਸਿੰਘ ਸੈਣੀ, ਕਰਤਾਰ ਪਾਲ ਨੇ ਆਖਿਆ ਕਿ ਪੰਜਾਬ ਸਰਕਾਰ ਖਿਲਾਫ਼ ਐਲਾਨ ਕੀਤੇ ਉਕਤ ਪ੍ਰੋਗਰਾਮ ਚੋਣ ਜਾਬਤਾ ਲੱਗਣ ਦੀ ਸੂਰਤ ਵਿੱਚ ਵੀ ਬਰਕਰਾਰ ਰਹਿਣਗੇ। ਉਹਨਾਂ ਆਖਿਆ ਕਿ ਜੇਕਰ ਚੰਨੀ ਸਰਕਾਰ ਆਪਣੇ ਕਾਰਜਕਾਲ ਦੇ ਰਹਿੰਦੇ ਦਿਨਾਂ ਵਿੱਚ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ 14 ਜਨਵਰੀ ਤੋਂ ਬਾਅਦ ਸਾਂਝੇ ਫਰੰਟ ਵੱਲੋਂ ਮੀਟਿੰਗ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਖਿਲਾਫ਼ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਲਈ ਵਿਪ ਜਾਰੀ ਕੀਤਾ ਜਾਵੇਗਾ । ਇਸ ਮੌਕੇ ਤੇ ਭਰਤ ਕੁਮਾਰ ਜੋਗੀਪੁਰ , ਗੁਰਵਿੰਦਰ ਸਿੰਘ ,ਹਰਜੀਤ ਸਿੰਘ, ਜਗਦੀਸ਼ ਸਿੰਘ ਸਰਾਓ,ਪਰੇਮ ਚੰਦ ਆਦਿ ਆਗੂ ਵੀ ਹਾਜ਼ਰ ਸਨ।