ਦਸੂਹਾ 28 ਸਤੰਬਰ (ਚੌਧਰੀ)
: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਲੋਨੀ, ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 119ਵਾਂ ਜਨਮ ਦਿਵਸ ਬੜੀ ਸ਼ਰਧਾ, ਸਤਿਕਾਰ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਮਾਨਵ ਸੈਣੀ, ਸਮੂਹ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਰਦਾਰ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਨਮਨ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਮਾਨਵ ਸੈਣੀ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਅਤੇ ਦੇਸ਼ ਦੀ ਆਜ਼ਾਦੀ ਲਈ ਦਿੱਤਾ ਗਿਆ ਮਹਾਨ ਬਲਿਦਾਨ ਸਦਾ ਹੀ ਦੇਸ਼ ਵਾਸੀਆਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਰਹੇਗਾ। ਉਨ੍ਹਾਂ ਨੇ ਆਪਣੇ ਛੋਟੇ ਜਿਹੇ ਜੀਵਨ ਵਿੱਚ ਦੇਸ਼ ਦੀ ਆਜ਼ਾਦੀ ਅਤੇ ਸਮਾਜਿਕ ਬਰਾਬਰੀ ਲਈ ਜੋ ਸੰਘਰਸ਼ ਕੀਤਾ, ਉਹ ਭਾਰਤ ਦੇ ਇਤਿਹਾਸ ਵਿੱਚ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਸਿਰਫ਼ ਆਜ਼ਾਦੀ ਹਾਸਲ ਕਰਨ ਤੱਕ ਸੀਮਿਤ ਨਹੀਂ ਸੀ, ਸਗੋਂ ਉਹ ਇੱਕ ਅਜਿਹੇ ਸਮਾਜ ਦੀ ਕਲਪਨਾ ਕਰਦੇ ਸਨ ਜਿਸ ਵਿੱਚ ਨਿਆਂ, ਬਰਾਬਰੀ, ਸਿੱਖਿਆ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮਹੱਤਵ ਦਿੱਤਾ ਜਾਵੇ। ਉਨ੍ਹਾਂ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਆਦਰਸ਼ਾਂ ਅਤੇ ਦੱਸੇ ਮਾਰਗ ’ਤੇ ਚੱਲਣ, ਆਪਣੇ ਜੀਵਨ ਵਿੱਚ ਅਨੁਸ਼ਾਸਨ ਅਤੇ ਮਿਹਨਤ ਨੂੰ ਅਪਣਾਉਣ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਹੀ ਦੇਸ਼ ਦਾ ਭਵਿੱਖ ਹੈ ਅਤੇ ਉਸਾਰੂ ਸੋਚ, ਸਿੱਖਿਆ ਅਤੇ ਸਿਹਤਮੰਦ ਜੀਵਨ-ਸ਼ੈਲੀ ਰਾਹੀਂ ਉਹ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਸਕਦੀ ਹੈ। ਇਸ ਮੌਕੇ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਦੇਸ਼ ਪ੍ਰਤੀ ਅਦੁੱਤੀ ਸਮਰਪਣ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਵੀ ਦਿੱਤਾ ਗਿਆ। ਇਸ ਮੌਕੇ ਤੇ ਲਖਵਿੰਦਰ ਕੌਰ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਨੇਹਾ, ਕੁਸਮ ਲਤਾ, ਰੇਨੂੰ, ਹਰਦੀਪ ਕੌਰ, ਮਧੂ ਬਾਲਾ, ਜਗਰੂਪ ਕੌਰ, ਡਾ. ਨੀਲਮ, ਨਿਕਿਤਾ ਠਾਕੁਰ, ਮੁਸਕਾਨ, ਮਨਜੀਤ, ਕਿਰਨਜੀਤ ਕੌਰ, ਸੰਦੀਪ ਕਲੇਰ, ਜਸਪ੍ਰੀਤ ਕੌਰ, ਨੀਤੂ, ਸੋਨਮ ਸਲਾਰੀਆ , ਨਵਨੀਤ ਕੌਰ, ਕਾਜਲ, ਮਨਪ੍ਰੀਤ ਕੌਰ, ਪਰਦੀਪ ਕੁਮਾਰ, ਸਾਹਿਲ ਕੁਮਾਰ, ਸੰਦੀਪ ਕੌਰ, ਪ੍ਰੀਤੀ ਅਤੇ ਸਾਰੇ ਵਿਭਾਗਾਂ ਦੇ ਵਿਦਿਆਰਥੀ ਹਾਜ਼ਰ ਸਨ।







