ਹੁਸ਼ਿਆਰਪੁਰ 12 ਨਵੰਬਰ (ਪ੍ਰਾਈਮ ਪੰਜਾਬ ਟਾਈਮਜ)
ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੁੱਢਲੀ ਪ੍ਰਕਾਸ਼ਨਾ ਦੀ ਸੌਂਪੀ ਕਾਪੀ
11 ਦਸੰਬਰ 2026 ਤੱਕ ਜਮ੍ਹਾਂ ਕਰਵਾਏ ਜਾ ਸਕਣਗੇ ਦਾਅਵੇ ਅਤੇ ਇਤਰਾਜ, 28 ਦਸੰਬਰ ਤੱਕ ਹੋਵੇਗਾ ਨਿਪਟਾਰਾ
ਵੋਟਰਾਂ ਦੀ ਸਹੂਲਤ ਲਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ’ਚ ਮੁੱਢਲੀ ਸੂਚੀ ਉਪਲਬੱਧ, ਲੋਕ ਆਨਲਾਈਨ ਵੀ ਦੇਖ ਸਕਣਗੇ ਆਪਣੀ ਵੋਟ
: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਅੱਜ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਕਰਵਾਈ ਗਈ ਅਤੇ ਹਰੇਕ ਵਿਧਾਨ ਸਭਾ ਚੋਣ ਹਲਕਾ ਵਾਈਜ਼ ਤਿਆਰ ਵੋਟਰ ਸੂਚੀਆਂ ਦਾ ਇਕ-ਇਕ ਸੈੱਟ ਅਤੇ ਬਿਨਾ ਫੋਟੋ ਵੋਟਰ ਸੂਚੀ ਦੀ ਸੀ.ਡੀ. ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀ ਗਈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਸ਼ਡਿਊਲ ਬਾਰੇ ਲੋੜੀਂਦੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਵੋਟਰ ਸੂਚੀ ਦੀ ਡਰਾਫਟ ਪ੍ਰਕਾਸ਼ਨਾ ਉਪਰੰਤ 11 ਦਸੰਬਰ 2026 ਤੱਕ ਇਸ ਸਬੰਧੀ ਦਾਅਵੇ ਅਤੇ ਇਤਰਾਜ ਲਏ ਜਾਣਗੇ ਜਿਨ੍ਹਾਂ ਦਾ 28 ਦਸੰਬਰ 2026 ਤੱਕ ਨਿਪਟਾਰਾ ਕਰਨ ਉਪਰੰਤ 4 ਜਨਵਰੀ 2027 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਅਤੇ ਨਵੇਂ ਬਣਾਏ ਗਏ ਪੁਲਿੰਗ ਬੂਥਾਂ ਦੇ ਨਾਲ-ਨਾਲ ਵੋਟਰਾਂ ਦੀ ਗਿਣਤੀ ਦੇ ਵੇਰਵਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਚੋਣ ਦਫ਼ਤਰ ਅਤੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਦੇ ਦਫ਼ਤਰ ਵਿਚ ਮੁੱਢਲੀ ਵੋਟਰ ਸੂਚੀ ਉਪਲਬੱਧ ਹੈ ਜਿਥੇ ਕੋਈ ਵੀ ਵੋਟਰ ਆਪਣੀ ਵੋਟ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਅਫ਼ਸਰ ਦੀ ਵੈਬਸਾਈਟ https://www.ceopunjab.gov.in ਜਾਂ ਜ਼ਿਲ੍ਹਾ ਚੋਣ ਦਫ਼ਤਰ ਦੀ ਸਾਈਟ Hoshiarpur.nic.in ’ਤੇ ਵੀ ਵੋਟਰ ਸੂਚੀ ਉਪਲਬੱਧ ਹੈ ਅਤੇ ਜੇਕਰ ਕਿਸੇ ਵੀ ਵੋਟਰ /ਵਿਅਕਤੀ ਨੇ ਆਪਣੀ ਵੋਟ ਦੇਖਣੀ ਹੋਵੇ ਤਾਂ ਉਹ ਚੋਣਕਾਰ ਰਜਿਸਟ੍ਰੇਸ਼ਨ ਦੇ ਅਫ਼ਸਰਾਂ ਦੇ ਦਫ਼ਤਰਾਂ ਜਾਂ ਆਨਲਾਈਨ ਢੰਗ ਨਾਲ ਦੇਖ ਸਕਦਾ ਹੈ। ਉਨ੍ਹਾਂ ਦੱਸਿਆ ਕਿ 11 ਦਸੰਬਰ ਤੱਕ ਵੋਟਰ ਸੂਚੀ ਨੂੰ ਲੈ ਕੇ ਦਾਅਵੇ ਅਤੇ ਇਤਰਾਜ ਦਿੱਤੇ ਜਾ ਸਕਦੇ ਹਨ ਅਤੇ ਜੇਕਰ ਕੋਈ ਵੀ ਵਿਅਕਤੀ ਜਿਸ ਦੀ ਉਮਰ 1-1-2027 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਤੇ ਉਹ ਵੋਟ ਬਣਾਉਣ ਤੋਂ ਰਹਿ ਗਿਆ ਹੋਵੇ ਉਹ ਆਪਣਾ ਫਾਰਮ ਨੰਬਰ-6 ਸਮੇਤ ਦਸਤਾਵੇਜ਼ਾਂ ਭਰ ਕੇ ਸਬੰਧਤ ਬੀ.ਐਲ.ਓਜ਼ /ਏ.ਆਰ.ਓਜ਼ ਦਫ਼ਤਰ ਵਿਚ ਜਾਂ ਆਨਲਾਈਨ ਢੰਗ ਨਾਲ ਅਪਲਾਈ ਕਰ ਸਕਦਾ ਹੈ। ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਬੂਥ ਲੈਵਲ ਏਜੰਟਾਂ ਨਾਲ ਰਾਬਤਾ ਕਰਕੇ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ (ਐਸ.ਐਸ.ਆਰ) ਬਾਰੇ ਪੂਰਨ ਸਹਿਯੋਗ ਕਰਨ ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਸਕੇ।
—
ਕੈਪਸ਼ਨ : ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਆਸ਼ਿਕਾ ਜੈਨ।







