ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ “ਪੰਜਾਬ ਦਾ ਨੌਜਵਾਨਾਂ ਦਾ ਅੰਤਰ ਰਾਸ਼ਟਰੀ ਪ੍ਰਵਾਸ: ਕਾਰਨ ਤੇ ਨਤੀਜੇ” ਵਿਸ਼ੇ ਉਪੱਰ ਸੈਮੀਨਾਰ
ਗੜ੍ਹਦੀਵਾਲਾ 28 ਅਪ੍ਰੈਲ (ਚੌਧਰੀ) : ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬ ਯੂਨੀਵਰਸਿਟੀ ਦੇ ਆਈ.ਸੀ.ਐੱਸ. ਐੱਸ.ਆਰ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆ ਗਿਆ,ਜਿਸ ਵਿੱਚ ਪੰਜਾਬ ਦੇ ਨੌਜਵਾਨ ਦੇ ਅੰਦਰ ਅੰਤਰ-ਰਾਸ਼ਟਰੀ ਪ੍ਰਵਾਸ ਦੇ ਕਾਰਨਾਂ ਅਤੇ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਸਮਾਂ੍ਹ ਰੋਸ਼ਨ ਕਰਨ ਤੋਂ ਬਾਅਦ ਸੈਮੀਨਾਰ ਦੇ ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਮਲਕੀਤ ਸਿੰਘ ਨੇ ਸੈਮੀਨਾਰ ਦੇ ਵਿਸ਼ੇ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਉਪਰੰਤ ਸੈਮੀਨਾਰ ਵਿੱਚ ਆਏ ਸਰੋਤ-ਵਿਅਕਤੀਆਂ ਤੇ ਵੱਖੋ-ਵੱਖਰੇ ਕਾਲਜਾਂ ਤੋਂ ਆਏ
ਅਧਿਆਪਕਾਂ ਦਾ ਕਾਲਜ ਪਹੁੰਚਣ ਉੱਤੇ ਸਵਾਗਤ ਕੀਤਾ। ਸੈਮੀਨਾਰ ਦੇ ਮੁੱਖ ਬੁਲਾਰੇ ਡਾ.ਰੌਣਕੀ ਰਾਮ,ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਨੇ ਦੱਸਿਆ ਕਿ ਅੱਜ ਤੋਂ 6000 ਸਾਲ ਪਹਿਲਾਂ ਵਪਾਰ ਲਈ ਪੰਜਾਬ ਵਿੱਚ ਆਵਾਸ ਹੁੰਦਾ ਸੀ, ਪਰ ਹੁਣ ਵੱਡੀ ਪੱਧਰ ਤੇ ਪੰਜਾਬ ਤੋਂ ਪ੍ਰਵਾਸ ਹੋ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਪਹਿਲਾਂ ਪ੍ਰਵਾਸ ਰੋਜ਼ੀ-ਰੋਟੀ ਲਈ ਹੁੰਦਾ ਸੀ ਪਰ ਹੁਣ ਪ੍ਰਵਾਸ ਨੌਜਵਾਨਾਂ ਅੰਦਰ ਛੇਤੀ ਅਮੀਰ ਬਣਨ ਦੀ ਲਾਲਸਾ ਅਧੀਨ ਹੋ ਰਿਹਾ ਹੈ। ਲੰਮਾ ਸਮਾਂ ਅਮਰੀਕਾ
ਵਿੱਚ ਰਹਿੰਦੇ ਰਹੇ ਸਮਾਜ-ਸੇਵੀ ਡਾ. ਸਵਰਾਜ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਤੇਜ਼ੀ ਨਾਲ ਹੋ ਰਹੇ ਪ੍ਰਵਾਸ ਕਾਰਨ ਜਿੱਥੇ ਪੰਜਾਬ ਵਿੱਚ ਗੈਰ-ਪੰਜਾਬੀ ਵਸੋਂ ਵਿੱਚ ਵਾਧਾ ਹੋ ਰਿਹਾ ਹੈ ਉਥੇ ਪ੍ਰਵਾਸ ਕਾਰਨ ਪੰਜਾਬ ਅੰਦਰ ਇੱਕ ਪ੍ਰਵਾਸ ਮਾਫੀਆ ਵੀ ਪੈਦਾ ਹੋ ਗਿਆ ਹੈ। ਜਿਹੜਾ ਆਈ-ਲੈਟਸ ਸੈਂਟਰਾਂ ਤੇ ਟਰੈਵਲ ਏਜੰਟਾਂ ਦੇ ਰੂਪ ਵਿੱਚ ਪੰਜਾਬੀਆਂ ਨੂੰ ਲੁੱਟ ਰਿਹਾ ਹੈ। ਉਹਨਾਂ ਪ੍ਰਵਾਸ ਕਰ ਚੁੱਕੇ ਨੌਜਵਾਨਾਂ ਅੰਦਰ ਵੱਧ ਰਹੇ ਮਾਨਸਿਕ ਤਨਾਅ ਅਤੇ ਇਸ ਕਾਰਨ ਪੈਦਾ ਹੋ ਰਹੀਆਂ ਬਿਮਾਰੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸੇ ਵਿਸ਼ੇ ਉੱਤੇ ਡਾ. ਕਮਲਾ, ਡਾ. ਵਰੁਣ
ਗੋਇਲ ਅਤੇ ਡਾ. ਗੁਰਪ੍ਰੀਤ ਸਿੰਘ ਉੱਪਲ ਨੇ ਵੀ ਸਰੋਤ-ਵਿਅਕਤੀਆਂ ਦੇ ਤੌਰ ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਦੇ ਅੰਤਰ-ਰਾਸ਼ਟਰੀ ਪ੍ਰਵਾਸ ਕਾਰਨ ਪੰਜਾਬੀਆਂ ਦੀ ਨੈਤਿਕਤਾ ਵਿੱਚ ਗਿਰਾਵਟ ਆ ਰਹੀ ਹੈ,
ਪੰਜਾਬ ਦਾ ਬੇਸੁਮਾਰ ਧਨ ਵਿਦੇਸ਼ਾਂ ਵਿੱਚ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਸਮਾਜਿਕ ਰਿਸ਼ਤਿਆਂ ਵਿੱਚ ਟੁੱਟ ਭੱਜ ਹੋ ਰਹੀ ਹੈ। ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਘੱਟ ਗਿਣਤੀ ਕਮਿਸ਼ਨ, ਪੰਜਾਬ ਦੇ ਚੇਅਰਮੈਨ ਡਾ. ਐਮੂਨਲ ਨਾਹਰ ਨੇ ਕਿਹਾ ਕਿ ਪੰਜਾਬ ਵਿੱਚੋਂ ਪ੍ਰਵਾਸ ਦੀ ਗਿਣਤੀ ਘਟਾਉਣ ਲਈ ਨੌਜਵਾਨਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ। ਉਹਨਾਂ ਇਹ ਵੀ ਸੁਝਾਅ ਦਿੱਤਾ ਕਿ ਵਿਦੇਸ਼ਾਂ ਵਿੱਚ ਜਾਣ ਲਈ ਨੌਜਵਾਨਾਂ
ਨੂੰ ਕਾਨੂੰਨੀ ਤਰੀਕੇ ਹੀ ਅਪਨਾਉਣੇ ਚਾਹੀਦੇ ਹਨ ਕਿਉਂਕਿ ਗੈਰ-ਕਾਨੂੰਨੀ ਤਰੀਕਿਆਂ ਨਾਲ ਪ੍ਰਵਾਸ ਦੀ ਕੋਸਿਸ਼ ਕਾਰਨ ਜਿੱਥੇ ਨੌਜਵਾਨਾਂ ਨੂੰ ਬਹੁਤ ਸਮੱਸਿਆਂਵਾਂ ਆਉਂਦੀਆ ਹਨ, ਉਹਨਾਂ ਦੇ ਮਾਪਿਆਂ ਨੁੰ ਵੀ ਬਹੁਤ ਸੰਤਾਪ ਭੋਗਣਾ ਪੈਂਦਾ ਹੈ। ਸੈਮੀਨਾਰ ਦੇ ਦੂਜੇ ਸ਼ੈਸਨ ਦੀ ਪ੍ਰਧਾਨਗੀ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਤੋਂ ਆਏ ਪ੍ਰੋ. ਡਾ. ਗੁਰਪ੍ਰੀਤ ਸਿੰਘ ਨੇ ਕੀਤੀ।ਇਸ ਸੈਸ਼ਨ ਦੌਰਾਨ ਵੱਖੋ-ਵੱਖਰੇ ਕਾਲਜ ਤੋਂ ਆਏ 10 ਪ੍ਰੋ. ਅਧਿਆਪਕਾਂ ਡਾ.ਪਰਮਿੰਦਰ ਸਿੰਘ ਭੋਗਲ,ਪ੍ਰੋ.ਪ੍ਰਿਅੰਕਾ,ਪ੍ਰੋ. ਸੁਖਜੀਤ ਕੌਰ, ਡਾ. ਬਲਵਿੰਦਰ ਕੁਮਾਰ, ਡਾ. ਅਮਰਿੰਦਰ ਕੌਰ, ਪ੍ਰੋ. ਦਵਿੰਦਰ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ.ਸੁਖਵਿੰਦਰ ਕੌਰ , ਪ੍ਰੋ. ਲਵਪ੍ਰੀਤ ਸਿੰਘ, ਪ੍ਰੋ. ਰਜਨੀ ਦੇਵੀ , ਡਾ.ਮੀਤੂ ਨੇ ਆਪਣੇ
ਪੇਪਰ ਪੜ੍ਹੇ। ਸੈਮੀਨਾਰ ਦੇ ਅੰਤ ਵਿੱਚ ਕਾਲਜ ਦੇ ਰਾਜਨੀਤੀ-ਸ਼ਾਸਤਰ ਵਿਭਾਗ ਦੇ ਮੁੱਖੀ ਪ੍ਰੋ. ਜਗਦੀਪ ਕੁਮਾਰ ਨੇ ਸਾਰੇ ਵਿਦਵਾਨਾਂ ਤੇ ਵੱਖੋ-ਵੱਖਰੇ ਕਾਲਜ ਤੋਂ ਆਏ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ। ਇਸ ਉਪਰੰਤ ਕਾਲਜ ਵਲੋਂ
ਸੈਮੀਨਾਰ ਦੇ ਮੁੱਖ ਬੁਲਾਰੇ ਤੇ ਬਾਕੀ ਵਿਦਵਾਨਾਂ ਨੁੰ ਸਨਮਾਨ ਚਿੰਨ੍ਹ ਦਿੱਤੇ ਅਤੇ ਪੇਪਰ ਪੜ੍ਹਨ ਆਏ ਅਧਿਆਪਕਾਂ ਨੂੰ ਸਰਟੀਫਿਕੇਟ ਵੰਡੇ। ਸੈਮੀਨਾਰ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਪ੍ਰੋ. ਅਰਚਨਾ ਠਾਕੁਰ ਅਤੇ ਡਾ. ਪੰਕਜ਼ ਸ਼ਰਮਾ ਨੇ ਨਿਭਾਈ। ਇਸ ਸੈਮੀਨਾਰ ਦੌਰਾਨ ਕਾਲਜ ਵਿਦਿਆਰਥੀਆਂ , ਕਾਲਜ ਸਟਾਫ਼ ਮੈਂਬਰਾਂ ਤੋਂ ਇਲਾਵਾ ਕਾਲਜ ਤੋਂ ਸੇਵਾ ਮੁਕਤ ਅਧਿਆਪਕ ਪ੍ਰੋ. ਸ਼ਾਮ ਸਿੰਘ , ਪ੍ਰੋ. ਕੇਵਲ ਸਿੰਘ, ਆਦਿ ਹਾਜ਼ਰ ਸਨ।








