ਹੁਸ਼ਿਆਰਪੁਰ, 12 ਦਸੰਬਰ(ਬਿਊਰੋ) : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅੱਜ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅਮਰਜੋਤ ਭੱਟੀ ਦੀ ਅਗਵਾਈ ਵਿਚ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿਚ ਹੁਸ਼ਿਆਰਪੁਰ ਵਿਖੇ 11 ਬੈਂਚ, ਸਬ-ਡਵੀਜ਼ਨ ਦਸੂਹਾ ਵਿਖੇ 4, ਮੁਕੇਰੀਆਂ ਵਿਖੇ 2 ਅਤੇ ਗੜ੍ਹਸ਼ੰਕਰ ਵਿਖੇ 3 ਬੈਂਚਾਂ ਦਾ ਗਠਨ ਕੀਤਾ ਗਿਆ। ਹੁਸ਼ਿਆਰਪੁਰ ਦੀ ਲੋਕ ਅਦਾਲਤ ਵਿਚ 3848 ਕੇਸਾਂ ਦੀ ਸੁਣਵਾਈ ਹੋਈ ਅਤੇ 1325 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ 150769036 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਐਡੀਸ਼ਨਲ ਸੈਸ਼ਨ ਜੱਜ ਸ੍ਰੀ ਪੁਨੀਤ ਮੋਹਨ ਸ਼ਰਮਾ ਵਲੋਂ ਆਪਸੀ ਰਾਜ਼ਮੰਦੀ ਨਾਲ ਪਤੀ-ਪਤਨੀ ਦਾ 5 ਸਾਲ ਤੋਂ ਚੱਲ ਰਿਹਾ ਝਗੜੇ ਦਾ ਮਾਮਲਾ ਸੁਲਝਾਇਆ ਗਿਆ।
ਸਿਵਲ ਜੱਜ ਜੂਨੀਅਰ ਡਵੀਜ਼ਨ ਸ੍ਰੀ ਮਨਿਕ ਕੌਰਾ ਵਲੋਂ ਈ-ਲੋਕ ਅਦਾਲਤ ਦੇ ਸੰਚਾਲਨ ਰਾਹੀਂ 100 ਵਿਚੋਂ 70 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉਕਤ ਤੋਂ ਇਲਾਵਾ ਐਡੀਸ਼ਨਲ ਸਿਵਲ ਜੱਜ (ਸ ਡ) / ਐਸ.ਡੀ.ਜੇ.ਐਮ. ਦਸੂਹਾ ਵਲੋਂ 7 ਸਾਲ ਪੁਰਾਣਾ ਮਾਮਲਾ ਸੁਲਝਾਇਆ ਗਿਆ। ਉਕਤ ਤੋਂ ਇਲਾਵਾ ਹੋਰ ਵੀ ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਨੂੰ ਆਪਸੀ ਰਾਜੀਨਾਮੇ ਰਾਹੀਂ ਸੁਲਝਾਇਆ ਗਿਆ।
ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕ ਅਜਿਹੀਆਂ ਲੋਕ ਅਦਾਲਤਾਂ ਵਿਚ ਕੇਸ ਲਗਵਾਉਣ, ਤਾਂ ਜੋ ਆਪਸੀ ਰਾਜੀਨਾਮੇ ਰਾਹੀਂ ਝਗੜੇ ਹੱਲ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਵਿਚ ਕੇਸ ਲਗਾਉਣ ਨਾਲ ਸਮੇਂ ਅਤੇ ਧੰਨ ਦੀ ਬੱਚਤ ਹੁੰਦੀ ਹੈ ਅਤੇ ਇਨ੍ਹਾਂ ਲੋਕ ਅਦਾਲਤਾਂ ਦੇ ਫੈਸਲੇ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਵਿਚ ਫੈਸਲਾ ਹੋਣ ਉਪਰੰਤ ਲੱਗੀ ਸਾਰੀ ਕੋਰਟ ਫੀਸ ਵਾਪਸ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਲੋਕ ਅਦਾਲਤ ਵਿਚ ਹੋਏ ਫੈਸਲੇ ਦੀ ਕੋਈ ਵੀ ਅਪੀਲ ਨਹੀਂ ਹੁੰਦੀ ਅਤੇ ਇਹ ਅੰਤਮ ਫੈਸਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਗਲੀ ਨੈਸ਼ਨਲ ਲੋਕ ਅਦਾਲਤ 12 ਮਾਰਚ ਨੂੰ ਲਗਾਈ ਜਾਣੀ ਹੈ।