–24 ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ ਇਲਾਕਾ ਨਿਵਾਸੀਆਂ ਨੂੰ ਸਮਰਪਿਤ
–ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਵਿਧਾਇਕ ਪਵਨ ਕੁਮਾਰ ਆਦੀਆ ਤੇ ਡਿਪਟੀ ਕਮਿਸ਼ਨਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ
–10 ਏਕੜ ’ਚ ਕਰੀਬ 14 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕਾਲਜ ’ਚ ਬੀ.ਏ. ਤੇ ਬੀ.ਕਾਮ ਪਹਿਲੇ ਸਾਲ ਦੀ ਚੱਲ ਰਹੀ ਹੈ ਕਲਾਸ, 120 ਵਿਦਿਆਰਥੀ ਲੈ ਰਹੇ ਹਨ ਸਿੱਖਿਆ
ਢੋਲਬਾਹਾ/ ਗੜ੍ਹਦੀਵਾਲਾ (ਹੁਸ਼ਿਆਰਪੁਰ), 21 ਦਸੰਬਰ (ਚੌਧਰੀ) : ਕੁਦਰਤ ਦੀ ਗੋਦ ’ਚ ਬਣੇ ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਢੋਲਬਾਹਾ ਦਾ ਨਿਰਮਾਣ ਕਾਰਜ ਮੁਕੰਮਲ ਹੋ ਗਿਆ ਹੈ ਅਤੇ 24 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਇਸ ਡਿਗਰੀ ਕਾਲਜ ਨੂੰ ਜਨਤਾ ਨੂੰ ਸਮਰਪਿਤ ਕਰਨਗੇ। ਕਾਲਜ ਵਿਚ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਅੱਜ ਵਿਧਾਇਕ ਸ਼ਾਮਚੁਰਾਸੀ ਪਵਨ ਕੁਮਾਰ ਆਦੀਆ ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਐਸ.ਐਸ.ਪੀ. ਕੁਲਵੰਤ ਸਿੰਘ ਹੀਰ ਵੀ ਮੌਜੂਦ ਸਨ।
ਵਿਧਾਇਕ ਪਵਨ ਕੁਮਾਰ ਆਦੀਆ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੀਬ 14 ਕਰੋੜ ਰੁਪਏ ਦੀ ਲਾਗਤ ਨਾਲ ਕਾਲਜ ਦਾ ਨਿਰਮਾਣ ਕਰਵਾਇਆ ਗਿਆ ਹੈ, ਜੋ ਕਿ ਕੰਢੀ ਹਲਕੇ ਦੀ ਮੁੱਖ ਜਰੂਰਤ ਸੀ। ਉਨ੍ਹਾਂ ਦੱਸਿਆ ਕਿ ਇਸ ਕਾਲਜ ਦੇ ਨਿਰਮਾਣ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਮਿਲੀ ਹੈ, ਜਿਸ ਨਾਲ ਹੁਣ ਦੂਰ-ਦੁਰਾਡੇ ਦੇ ਪਿੰਡਾਂ ਦੇ ਬੱਚਿਆਂ ਨੂੰ ਪੜ੍ਹਨ ਲਈ ਕਈ ਕਿਲੋਮੀਟਰ ਦਾ ਲੰਬਾ ਸਫਰ ਤੈਅ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਕਾਲਜ ਦਾ ਵਿਦਿਅਕ ਸੈਸ਼ਨ ਅਗਸਤ 2021 ਤੋਂ ਸ਼ੁਰੂ ਹੋ ਗਿਆ ਹੈ, ਜਿਸ ਵਿਚ ਬੀ.ਏ. ਤੇ ਬੀ.ਕਾਮ ਪਹਿਲੇ ਸਾਲ ਦੀਆਂ ਕਲਾਸਾਂ ਚੱਲ ਰਹੀਆਂ ਹਨ। ਬੀ.ਏ. ਪਹਿਲੇ ਸਾਲ ਵਿਚ ਇਸ ਸਮੇਂ 80 ਤੇ ਬੀ.ਕਾਮ ਪਹਿਲੇ ਸਾਲ ਵਿਚ 40 ਵਿਦਿਆਰਥੀ ਪੜ੍ਹ ਰਹੇ ਹਨ।
ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਾਲਜ ਵਿਚ ਆਰਟਸ, ਕਾਮਰਸ ਤੇ ਸਾਇੰਸ ਦੇ ਬਲਾਕ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਪ੍ਰਸ਼ਾਸਕੀ ਬਲਾਕ, ਦੋ ਮੰਜ਼ਿਲਾ ਸਾਇੰਸ ਬਲਾਕ ਜਿਸ ਵਿਚ ਸਾਰੀਆਂ ਤਰ੍ਹਾਂ ਦੀਆਂ ਲੈਬਾਂ ਬਣਾਈਆਂ ਗਈਆਂ ਹਨ। ਦੋ ਮੰਜ਼ਿਲਾ ਆਰਟਸ ਬਲਾਕ, ਮਲਟੀਪਰਪਜ਼ ਹਾਲ, ਕੈਂਟੀਨ, ਵਾਲੀਬਾਲ ਤੇ ਬਾਸਕਟਬਾਲ ਗਰਾਉਂਡ, ਦੋ ਮੰਜ਼ਿਲਾ ਰੈਂਪ ਆਦਿ ਵਰਗੀਆਂ ਕਈਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਜ਼ਿਲ੍ਹਾ ਪੁਲਿਸ ਨੂੰ ਸੁਰੱਖਿਆ ਤੇ ਪਾਰਕਿੰਗ, ਲੋਕ ਨਿਰਮਾਣ ਵਿਭਾਗ ਨੂੰ ਸਮਾਗਮ ਦੀਆਂ ਤਿਆਰੀਆਂ, ਪਬਲਿਕ ਹੈਲਥ ਨੂੰ ਪਖਾਨੇ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਤੇ ਹੋਰ ਵਿਭਾਗਾਂ ਨੂੰ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਕਾਲਜ ਦੇ ਪ੍ਰਿੰਸੀਪਲ ਕਸ਼ਮੀਰੀ ਲਾਲ ਨੇ ਦੱਸਿਆ ਕਿ ਕਾਲਜ ਦਾ ਸਾਇੰਸ ਬਲਾਕ ਵੀ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਚ ਸਿੱਖਿਆ ਵਿਭਾਗ ਦੇ ਨਿਰਦੇਸ਼ ਮਿਲਦੇ ਹੀ ਅਗਲੇ ਸੈਸ਼ਨ ਤੋਂ ਕਾਲਜ ਵਿਚ ਬੀ.ਐਸ.ਸੀ. ਪਹਿਲੇ ਸਾਲ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਰੰਧਾਵਾ, ਐਸ.ਪੀ ਅਸ਼ਵਨੀ ਕੁਮਾਰ, ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਰਾਜੇਸ਼ ਗੁਪਤਾ, ਐਸ.ਡੀ.ਐਮ. ਸ਼ਿਵ ਰਾਜ ਸਿੰਘ ਬੱਲ, ਸੌਰਭ ਆਦੀਆ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।