ਹੁਸ਼ਿਆਰਪੁਰ 12 ਜੂਨ (ਪ੍ਰਾਈਮ ਪੰਜਾਬ ਟਾਈਮਜ਼)
: ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ (ਜੇ.ਐਨ. ਵੀ.ਐਸ.ਟੀ) ਸੈਸ਼ਨ 2026-27 ਦੇ ਸਫਲ ਸੰਚਾਲਨ ਉਤੇ ਵਿਚਾਰ-ਵਟਾਂਦਰਾ ਕਰਨ ਅਤੇ ਰਣਨੀਤੀ ਬਣਾਉਣ ਲਈ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਜਸਵੰਤ ਬਾਂਸਲ, ਚਰਨਜੀਤ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਪ੍ਰਿੰਸੀਪਲ ਰੰਜੂ ਦੁੱਗਲ ਅਤੇ ਬਲਾਕ ਨੋਡਲ ਅਧਿਕਾਰੀਆਂ ਨੇ ਸਰਗਰਮੀ ਨਾਲ ਭਾਗ ਲਿਆ।
ਮੀਟਿੰਗ ਦਾ ਮੁੱਖ ਏਜੈਂਡਾ ਮੌਜੂਦਾ ਢਾਂਚੇ ਦੀ ਸਮੀਖਿਆ ਕਰਨਾ, ਯੋਗ ਵਿਦਿਆਰਥੀਆਂ ਤੱਕ ਵਿਆਪਕ ਪਹੁੰਚ ਲਈ ਰਣਨੀਤੀਆਂ ‘ਤੇ ਚਰਚਾ ਕਰਨਾ, ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਕਰਨਾ ਅਤੇ ਆਗਾਮੀ ਜੇ.ਐਨ.ਵੀ.ਐੱਸ.ਟੀ 2026-27 ਲਈ ਸੁਚਾਰੂ ਤਾਲਮੇਲ ਯਕੀਨੀ ਬਣਾਉਣਾ ਸੀ।
ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਨੇ ਆਪਣੇ ਸੰਬੋਧਨ ਵਿਚ ਸਿੱਖਿਆ ਦੇ ਮਹੱਤਵ ”ਤੇ ਚਾਨਣਾ ਪਾਉਂਦਿਆਂ ਕਿਹਾ, “ਇਕ ਵਿਅਕਤੀ ਨੂੰ ਸ਼ਿੱਖਿਅਤ ਕਰਨਾ ਸੌ ਲੋਕਾਂ ਨੂੰ ਭੋਜਨ ਕਰਾਉਣ ਦੇ ਸਮਾਨ ਹੈ।” ਉਨ੍ਹਾਂ ਸਾਰੇ ਬੀ.ਪੀ.ਈ.ਓਜ਼ ਅਤੇ ਬੀ.ਐਨ.ਓਜ਼ ਨੂੰ ਨਿਰਦੇਸ਼ ਦਿੱਤਾ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਸਬੰਧਿਤ ਖੇਤਰਾਂ ਵਿਚ ਹਰੇਕ ਯੋਗ ਉਮੀਦਵਾਰ ਨੂੰ ਜੇ,ਐਨ.ਵੀ.ਐਸ.ਟੀ 2026-27 ਲਈ ਸਫਲਤਾਪੂਰਵਕ ਰਜਿਸਟਰ ਕੀਤਾ ਜਾਵੇ, ਤਾਂ ਜੋ ਕੋਈ ਵੀ ਬੱਚਾ ਗੁਣਵੱਤਾਪੂਰਕ ਸਿੱਖਿਆ ਦੇ ਮੌਕੇ ਤੋਂ ਵਾਂਝਾ ਨਾ ਰਹੇ।
ਜੇ.ਐਸ.ਏ, ਜਵਾਹਰ ਨਵੋਦਿਆ ਵਿਦਿਆਲਿਆ ਧਰੁਵ ਚੌਹਾਨ ਦੁਆਰਾ ਆਨਲਾਈਨ ਅਰਜ਼ੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਪ੍ਰਿੰਸੀਪਲ ਰੰਜੂ ਦੁੱਗਲ ਨੇ ਹੂਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ 2026-27 ਲਈ ਸਾਰੇ ਯੋਗ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਨ।