ਕਾਂਗਰਸ ਦੀ ਨਿਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਪਾਰਟੀ ਚ ਸ਼ਾਮਲ
ਅਕਾਲੀ ਭਾਜਪਾ ਸਰਕਾਰ ਸਮੇਂ ਮਜੀਠੀਆ ਨੇ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਹਾ ਕੇ ਪੰਜਾਬ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ : ਗਿਲਜੀਆਂ
ਗੜ੍ਹਦੀਵਾਲਾ 7 ਦਸੰਬਰ (ਚੌਧਰੀ) : ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕੋਕਿਲਾ ਮਾਰਕੀਟ ਸਥਿਤ ਕਾਂਗਰਸ ਪਾਰਟੀ ਦੇ ਦਫ਼ਤਰ ‘ਚ ਆਯੋਜਿਤ ਨੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ‘ਚ ਅਜਿਹੀ ਸ਼ਕਤੀ ਹੈ ਜੋ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾਣ ਦੀ ਪੂਰੀ ਤਾਕਤ ਰੱਖਦੀ ਹੈ।ਜੇਕਰ ਨੌਜਵਾਨ ਇਮਾਨਦਾਰੀ ਨਾਲ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਤਾਂ ਪਾਰਟੀਆਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਮਜੀਠੀਆ ਨੇ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਹਾ ਕੇ ਪੰਜਾਬ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ।ਜਿਸ ਕਾਰਨ ਸੂਬੇ ਦੇ ਨੌਜਵਾਨ ਨਿਰਾਸ਼ਾ ਅਤੇ ਹਿਤਾਸਾ ਦੇ ਆਲਮ ਵਿੱਚ ਆਪਣੇ ਰਸਤੇ ਤੋਂ ਭਟਕ ਗਏ। ਨਸ਼ੇ ਦੀ ਇਸ ਦਲਦਲ ਵਿੱਚ ਕਈ ਘਰ ਬਰਬਾਦ ਹੋ ਗਏ। ਜਿਸ ਦਾ ਸੰਤਾਪ ਅੱਜ ਵੀ ਪੰਜਾਬ ਦੇ ਲੋਕ ਭੁਗਤ ਰਹੇ ਹਨ ਪਰ ਕਾਂਗਰਸ ਸਰਕਾਰ ਨੇ 2017 ਵਿਚ ਸੱਤਾ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਨਸ਼ਿਆਂ ਦੇ ਸੌਦਾਗਰਾਂ ‘ਤੇ ਸ਼ਿਕੰਜਾ ਕੱਸ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਹੋਣ ਤੋਂ ਬਚਾਇਆ |ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਨੌਜਵਾਨ ਕਾਂਗਰਸ ਦੀ ਇਸ ਨੀਤੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਰਹੇ ਹਨ।
ਇਸ ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਉੜਮੁੜ ਅਧੀਨ ਪੈਂਦੇ ਕਸਬਾ ਗੜ੍ਹਦੀਵਾਲਾ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਜਿਨ੍ਹਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ’ਤੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪਾਰਟੀ ਦਾ ਪਟਕਾ ਪਹਿਨਾ ਕੇ ਉਹਨਾਂ ਦਾ ਸਵਾਗਤ ਕੀਤਾ।ਉਨ੍ਹਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਨੌਜਵਾਨੀ ਦੇ ਜੋਸ਼ ਵਿਚ ਆ ਕੇ ਅਜਿਹਾ ਕੋਈ ਕੰਮ ਨਾ ਕਰਨ, ਜਿਸ ਨਾਲ ਪਾਰਟੀ ਅਤੇ ਸਰਕਾਰ ਦੀ ਬਦਨਾਮੀ ਹੋਵੇ। ਨੌਜਵਾਨ ਨੀਤੀ ਅਤੇ ਨੀਅਤ ਸਾਫ਼ ਰੱਖ ਕੇ ਲੋਕਾਂ ਦੀ ਸੇਵਾ ਕਰੇ। ਇਸ ਦੇ ਲਈ ਸਰਕਾਰ ਅਤੇ ਪਾਰਟੀ ਦਾ ਸਹਿਯੋਗ ਹਮੇਸ਼ਾ ਨੌਜਵਾਨਾਂ ਦੇ ਨਾਲ ਰਹੇਗਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਗਿਲਜੀਆ, ਪੰਜਾਬ ਕਾਂਗਰਸ ਦੇ ਬੁਲਾਰੇ ਦਲਜੀਤ ਸਿੰਘ ਗਿਲਜੀਆਂ, ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਬਲਾਕ ਯੂਥ ਪ੍ਰਧਾਨ ਅਚਿਨ ਸ਼ਰਮਾ, ਪਵਨ ਸਿਲਾਰੀਆ, ਚੰਚਲ ਸਿੰਘ, ਕੌਂਸਲਰ ਹਰਵਿੰਦਰ ਕੁਮਾਰ ਸੋਨੂੰ, ਮਾਨਾ, ਅਜੀਤ ਕੁਮਾਰ ਘੁੱਕਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।
Post Views: 172