: ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਆਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਪਟਾਕਿਆਂ ਦੀ ਵਿਕਰੀ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪਟਾਕੇ ਵੇਚਣ ਦੇ ਇਛੁੱਕ ਵਿਅਕਤੀ ਆਰਜ਼ੀ ਲਾਇਸੰਸ ਲੈਣ ਲਈ ਅੱਜ ਤੋਂ 16 ਅਕਤੂਬਰ ਸ਼ਾਮ 5:00 ਵਜੇ ਤੱਕ ਸੇਵਾ ਕੇਂਦਰਾਂ ਰਾਹੀਂ ਅਪਲਾਈ ਕਰ ਸਕਦੇ ਹਨ।
ਦੀਵਾਲੀ ਮੌਕੇ ਪ੍ਰਚੂਨ ਵਿਚ ਪਟਾਕੇ ਵੇਚਣ ਵਾਲਿਆਂ ਨੂੰ ਆਰਜ਼ੀ ਲਾਇਸੰਸ ਦੇਣ ਬਾਰੇ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਕਿਹਾ ਕਿ ਪ੍ਰਾਪਤ ਅਰਜ਼ੀਆਂ ਦੀ ਪੜਤਾਲ 21 ਅਕਤੂਬਰ ਸ਼ਾਮ 3:00 ਵਜੇ ਤੱਕ ਹੋਵੇਗੀ ਅਤੇ ਆਰਜ਼ੀ ਲਾਇਸੰਸ ਲਈ ਡਰਾਅ 27 ਅਕਤੂਬਰ ਨੂੰ ਸਵੇਰੇ ਸਾਢੇ 11 ਵਜੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਾਕੇ ਵੇਚਣ ਲਈ ਟੈਂਪਰੇਰੀ ਲਾਇਸੰਸ 30 ਅਕਤੂਬਰ ਤੋਂ 8 ਨਵੰਬਰ ਤੱਕ ਸਵੇਰੇ 10:00 ਵਜੇਂ ਸ਼ਾਮ ਸਾਢੇ 7 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ ਸਬ-ਡਵੀਜ਼ਨ ਪੱਧਰ ’ਤੇ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਹੁਸ਼ਿਆਰਪੁਰ ਵਿਖੇ ਦੁਸਹਿਰਾ ਗਰਾਊਂਡ (ਨਵੀਂ ਆਬਾਦੀ), ਜ਼ਿਲ੍ਹਾ ਪ੍ਰੀਸ਼ਦ ਮਾਰਕੀਟ (ਅੱਡਾ ਮਾਹਿਲਪੁਰ), ਰੋਸ਼ਨ ਗਰਾਊਂਡ, ਰਾਮਲੀਲਾ ਗਰਾਊਂਡ ਹਰਿਆਣਾ, ਬੁੱਲੋਵਾਲ ਅਤੇ ਚੱਬੇਵਾਲ ਵਿਖੇ ਢੁੱਕਵੀਂਆਂ ਖਾਲੀ ਥਾਵਾਂ ਸ਼ਾਮਿਲ ਹਨ। ਇਸੇ ਤਰ੍ਹਾਂ ਸਬ-ਡਵੀਜ਼ਨ ਗੜ੍ਹਸ਼ੰਕਰ ਵਿਖੇ ਮਿਲਟਰੀ ਗਰਾਊਂਡ ਗੜ੍ਹਸ਼ੰਕਰ ਤਹਿਸੀਲ ਕੰਪਲੈਕਸ ਦੇ ਨੇੜੇ, ਸ਼ਹੀਦਾਂ ਰੋਡ ਦਾਣਾ ਮੰਡੀ ਮਾਹਿਲਪੁਰ ਅਤੇ ਕੋਟ ਫਤੂਹੀ ਬਿੰਜੋ ਰੋਡ ‘ਤੇ ਖਾਲੀ ਪਈ ਥਾਂ ਨੂੰ ਨਿਰਧਾਰਤ ਕੀਤਾ ਗਿਆ ਹੈ। ਸਬ-ਡਵੀਜ਼ਨ ਦਸੂਹਾ ਵਿਚ ਬਲਾਕ ਸੰਮਤੀ ਸਟੇਡੀਅਮ ਦਸੂਹਾ, ਮਹਾਰਿਸ਼ੀ ਵਾਲਮੀਕਿ ਪਾਰਕ ਦਸੂਹਾ, ਦੁਸਹਿਰਾ ਗਰਾਉਂਡ ਗੜ੍ਹਦੀਵਾਲਾ ਅਤੇ ਖ਼ਾਲਸਾ ਕਾਲਜ ਦੀ ਗਰਾਊਂਡ ਗੜ੍ਹਦੀਵਾਲਾ ਵਿਖੇ ਪਟਾਕੇ ਵੇਚੇ ਜਾ ਸਕਣਗੇ। ਸਬ-ਡਵੀਜ਼ਨ ਟਾਂਡਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਦਾ ਗਰਾਊਂਡ ਅਤੇ ਸ਼ਿਮਲਾ ਪਹਾੜੀ ਟਾਂਡਾ ਉੜਮੁੜ ਜਦਕਿ ਮੁਕੇਰੀਆਂ ਵਿਖੇ ਦੁਸਹਿਰਾ ਗਰਾਊਂਡ ਮੁਕੇਰੀਆਂ, ਦੁਸਹਿਰਾ ਗਰਾਊਂਡ ਹਾਜੀਪੁਰ, ਨਰਸਰੀ ਗਰਾਊਂਡ ਸੈਕਟਰ-3 ਤਲਵਾੜਾ ਅਤੇ ਦੁਸਹਿਰਾ ਗਰਾਊਂਡ ਦਾਤਾਰਪੁਰ ਵਿਖੇ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਨ੍ਹਾਂ 19 ਥਾਵਾਂ ਲਈ 57 ਲਾਇਸੰਸ ਜਾਰੀ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਤਿਉਹਾਰਾਂ ਖਾਸਕਰ ਦੀਵਾਲੀ ਦੇ ਮੱਦੇਨਜ਼ਰ ਪਟਾਕਿਆਂ ਦੀ ਵਿਕਰੀ ਸਬੰਧੀ ਜ਼ਿਲ੍ਹੇ ਦੇ ਡੀਲਰਾਂ ਨਾਲ ਲੋੜੀਂਦਾ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਜਿਸ ਵਿਚ ਕਿਸੇ ਵੀ ਤਰ੍ਹਾਂ ਦੇ ਸ਼ੋਰ ਪ੍ਰਦੂਸ਼ਣ ਅਤੇ ਅਣਸੁਖਾਵੀਂ ਘਟਨਾ ਪੈਦਾ ਕਰਨ ਵਾਲੇ ਪਟਾਕਿਆਂ ਦੀ ਵਿਕਰੀ ਬਿਲਕੁਲ ਨਾ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ। ਪ੍ਰਸ਼ਾਸਨ ਵਲੋਂ ਜਨਤਕ ਹਿੱਤਾਂ ਦੇ ਮੱਦੇਨਜ਼ਰ ਤੰਗ ਇਲਾਕਿਆਂ ਜਾਂ ਬਾਜ਼ਾਰਾਂ ਵਿਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਦੀ ਵਿਕਰੀ ਨਾ ਕਰਨ ਦੀ ਵੀ ਅਪੀਲ ਕੀਤੀ ਗਈ ਸੀ ਅਤੇ ਡੀਲਰਾਂ ਨੂੰ ਪਟਾਕੇ ਵੇਚਣ ਲਈ ਨਿਰਧਾਰਤ ਥਾਵਾਂ ਨੂੰ ਹੀ ਤਰਜ਼ੀਹ ਦੇਣ ਦੀ ਹਦਾਇਤ ਕੀਤੀ ਗਈ ਸੀ। ਪਟਾਕਿਆਂ ਦੀ ਵਿਕਰੀ ਲਈ ਤੰਗ ਗਲੀਆਂ, ਆਮ ਰਸਤਿਆਂ, ਜਨਤਕ ਥਾਵਾਂ, ਹਸਪਤਾਲਾਂ ਨੂੰ ਜਾਣ ਵਾਲਿਆਂ ਰਸਤਿਆਂ ਆਦਿ ਵਿਖੇ ਨਾ ਕੀਤੀ ਜਾਵੇ ਅਤੇ ਬਿਨਾਂ ਆਰਜ਼ੀ ਲਾਇਸੰਸ ਲਏ ਨਿਰਧਾਰਤ ਥਾਵਾਂ ਤੋਂ ਲਾਂਭੇ ਪਟਾਕੇ ਨਾ ਵੇਚੇ ਜਾਣ।
ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ
ਹੁਸ਼ਿਆਰਪੁਰ 7 ਅਕਤੂਬਰ (ਪ੍ਰਾਈਮ ਪੰਜਾਬ ਟਾਈਮਜ )
ਜ਼ਿਲ੍ਹੇ ’ਚ ਪਟਾਕੇ ਵੇਚਣ ਦੇ ਇਛੁੱਕ 16 ਅਕਤੂਬਰ ਤੱਕ ਸੇਵਾ ਕੇਂਦਰਾਂ ਰਾਹੀਂ ਕਰ ਸਕਦੇ ਨੇ ਅਪਲਾਈ
27 ਅਕਤੂਬਰ ਨੂੰ ਨਿਕਲੇਗਾ ਡਰਾਅ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ ਥਾਵਾਂ ਨਿਰਧਾਰਤ







