ਬਟਾਲਾ (ਅਵਿਨਾਸ਼ ਸ਼ਰਮਾ)
4 ਅਪ੍ਰੈਲ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਸ਼ਖਸੀਅਤ ਡਾ. ਐੱਸ ਪੀ ਸਿੰਘ ਓਬਰਾਏ ਵੱਲੋਂ ਆਪਣੀ ਨੇਕ ਕਿਰਤ ਕਮਾਈ ਦਾ 98 ਫ਼ੀਸਦੀ ਹਿੱਸਾ ਗਰੀਬਾਂ ਤੇ ਲੋੜਵੰਦਾਂ ਤੇ ਖਰਚ ਕਰਕੇ ਮਨੁੱਖਤਾ ਦਾ ਭਲਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਦੇ ਗੁਰਦਵਾਰਾ ਅਰਬਨ ਅਸਟੇਟ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਗਰੀਬਾਂ ਤੇ ਲੋੜਵੰਦਾਂ ਦੇ ਲਈ ਚਲਾਈ ਜਾ ਰਹੀ ਸੰਨੀ ਉਬਰਾਏ ਲੈਬ ਦਾ ਦੌਰਾ ਕਰਦਿਆਂ ਕੀਤਾ । ਇਸ ਮੌਕੇ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਤੇਜਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਸਮਾਜ ਸੇਵੀ ਆਗੂ ਹਰਪਾਲ ਸਿੰਘ ਖਾਲਸਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਸੰਜੀਵ ਸ਼ਰਮਾ, ਕੌਂਸਲਰ ਸੁਖਦੇਵ ਸਿੰਘ ਬਾਜਵਾ ਤੇ ਹੋਰ ਵੀ ਆਗੂ ਹਾਜਰ ਸਨ। ਵਿਧਾਇਕ ਤ੍ਰਿਪਤ ਬਾਜਵਾ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ ਗੁਆਂਢੀ ਰਾਜਾਂ ਦੇ ਅੰਦਰ ਡਾ. ਐੱਸ ਪੀ ਸਿੰਘ ਓਬਰਾਏ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਾਹੀ ਵੱਖ ਵੱਖ ਥਾਵਾਂ ਤੇ ਖੋਲੀਆਂ ਗਈਆ ਲੈਬੋਰਟਰੀਆਂ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਡਾ. ਉਬਰਾਏ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਜਦ ਕਿ ਇਨਸਾਨੀਅਤ ਨੂੰ ਬਚਾਉਣ ਦੇ ਲਈ ਦੇਸ਼-ਵਿਦੇਸ਼ ਦੇ ਅੰਦਰ ਬਹੁਤ ਅਹਿਮ ਉਪਰਾਲੇ ਵੀ ਕੀਤੇ ਜਾ ਰਹੇ ਹਨ। ਵਿਧਾਇਕ ਤ੍ਰਿਪਤ ਬਾਜਵਾ ਨੇ ਕਿਹਾ ਕਿ ਡਾ. ਉਬਰਾਏ ਵੱਲੋਂ ਹੱਦਾਂ-ਸਰਹੱਦਾਂ ਅਤੇ ਜਾਤ ਪਾਤ ਤੋਂ ਉਪਰ ਉਠ ਕੇ ਮਨੁੱਖਤਾ ਨੂੰ ਬਚਾਉਣ ਦੇ ਲਈ ਸਮਾਜ ਭਲਾਈ ਦੇ ਕਾਰਜਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ਼ ਹੈ। ਉਨ੍ਹਾਂ ਕਿਹਾ ਕਿ ਬੇਕਸੂਰ ਨੌਜਵਾਨਾਂ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਅਤੇ ਅਰਬ ਦੇਸ਼ਾਂ ਦੇ ਵਿਚ ਜੇਲਾਂ ਵਿੱਚ ਬੰਦ ਨੌਜਵਾਨਾ ਨੂੰ ਰਿਹਾਅ ਕਰਵਾਉਣ ਦੇ ਲਈ ਬਲੱਡ ਮਨੀ ਦੇ ਰੂਪ ਵਿਚ ਡਾ. ਓਬਰਾਏ ਵੱਲੋਂ ਹੁਣ ਤੱਕ ਕਰੋੜਾਂ ਰੁਪਏ ਦਾਨ ਕੀਤੇ ਗਏ ਹਨ। ਜਦ ਕਿ ਅਰਬ ਦੇਸ਼ਾਂ ਦੇ ਵਿਚ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾਣ ਵਾਲੇ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਵੀ ਲਿਆਉਣ ਦੇ ਲਈ ਡਾ. ਉਬਰਾਏ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਹੁਣ ਤੱਕ ਸੈਂਕੜੇ ਹੀ ਮ੍ਰਿਤਕ ਦੇਹਾਂ ਖਾੜੀ ਦੇਸ਼ਾਂ ਤੋਂ ਭਾਰਤ, ਪੰਜਾਬ ਲਿਆਂਦੀਆਂ ਜਾ ਚੁੱਕੀਆਂ ਹਨ। ਵਿਧਾਇਕ ਤ੍ਰਿਪਤ ਬਾਜਵਾ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਮੇਸ਼ਾਂ ਹੀ ਹਰ ਖੇਤਰ ਦੇ ਵਿਚ ਪਹਿਲਕਦਮੀ ਕਰਦਿਆਂ ਦੇਸ਼-ਵਿਦੇਸ਼ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਵੱਲੋਂ ਗ਼ਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਲਈ ਡਾ. ਐੱਸ ਪੀ ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਪੂਰੀ ਸੰਜੀਦਗੀ ਨਾਲ ਯਤਨ ਕੀਤੇ ਜਾ ਰਹੇ ਹਨ । ਵਿਧਾਇਕ ਤ੍ਰਿਪਤ ਬਾਜਵਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਸੇਵੀ ਕਾਰਜਾਂ ਦੇ ਲਈ ਅੱਗੇ ਆਉਣਾ ਚਾਹੀਦਾ ਹੈ, ਜਦ ਕਿ ਡਾ. ਉਬਰਾਏ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਸੇਧ ਲੈਣ ਦੀ ਬਹੁਤ ਜ਼ਿਆਦਾ ਲੋੜ ਹੈ ।
ਕੈਪਸ਼ਨ…
ਵਿਧਾਇਕ ਤ੍ਰਿਪਤ ਬਾਜਵਾ , ਮੇਅਰ ਸੁੱਖ ਤੇਜਾ, ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਹੋਰ ਆਗੂ ਲੈਬ ਦਾ ਦੌਰਾ ਕਰਦੇ ਹੋਏ।
 
				








 
 
							 
							 
							 
							