ਗੜ੍ਹਦੀਵਾਲਾ 27 ਨਵੰਬਰ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਹੁਸ਼ਿਆਰਪੁਰ ਜ਼ੋਨਲ ਯੁਵਕ ਮੇਲੇ ਵਿੱਚ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ 70 ਵਿਦਿਆਰਥੀਆਂ ਨੇ 38 ਟੀਮਾਂ ਵਿੱਚ ਹਿੱਸਾ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦਿਆਂ 31 ਕਾਲਜਾਂ ਵਿੱਚੋਂ 16 ਟੀਮਾਂ ਨੇ ਜਿੱਤ ਹਾਸਿਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਕੰਟਿਨਜੈਂਟ ਇੰਚਾਰਜ ਡਾ. ਮਨਜੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ੋਨਲ ਯੁਵਕ ਮੇਲੇ ਵਿੱਚ ਪੋਸਟਰ ਮੇਕਿੰਗ ਵਿੱਚ ਪਹਿਲਾ ਸਥਾਨ, ਗਰੁੱਪ ਸ਼ਬਦ, ਗਰੁੱਪ ਸੌਂਗ, ਫੋਕ-ਆਰਕੈਸਟਰਾ, ਨਾਨ ਪਰਕਸ਼ਨ ਅਤੇ ਬਾਗ਼ ਵਿੱਚ ਦੂਜਾ ਸਥਾਨ, ਇੰਡੀਅਨ ਆਰਕੈਸਟਰਾ, ਲੋਕ ਗੀਤ, ਗੀਤ, ਵਾਰ, ਵਿਰਾਸਤੀ ਗੀਤ ਅਤੇ ਮਲਵਈ ਗਿੱਧਾ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਵਿਅਕਤੀਗਤ ਇਨਾਮਾਂ ਵਿੱਚ ਗੁਰਪ੍ਰੀਤ ਸਿੰਘ ਨੇ ਗਰੁੱਪ ਸੌਂਗ ਵਿੱਚ ਦੂਜਾ ਸਥਾਨ, ਕਿਰਨਦੀਪ ਕੌਰ ਨੇ ਸ਼ਬਦ ਵਿੱਚ, ਮਨਜੋਤ ਕੌਰ ਨੇ ਵਾਰ ਵਿੱਚ, ਜਸ਼ਨਪ੍ਰੀਤ ਸਿੰਘ ਨੇ ਇੰਡੀਅਨ ਆਰਕੈਸਟਰਾ ਵਿੱਚ, ਪ੍ਰਾਚੀ ਨੇ ਵਿਰਾਸਤੀ ਗੀਤ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੱਭਿਆਚਾਰਕ ਵਿਰਾਸਤ ਅਤੇ ਕਲਾਵਾਂ ਰਾਹੀਂ ਇਹਨਾਂ ਵਿਦਿਆਰਥੀਆਂ ਵਿੱਚ ਸਮਾਜਿਕ ਗੁਣ ਭਰੇ ਜਾ ਸਕਦੇ ਹਨ ਅਤੇ ਜੀਵਨ ਵਿੱਚ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਲਈ ਵਿਦਿਆਰਥੀਆਂ ਵਿੱਚ ਸੱਭਿਆਚਾਰਕ ਗਤੀਵਿਧੀਆਂ ਹੋਣੀਆਂ ਜ਼ਰੂਰੀ ਹਨ। ਇਸ ਮੌਕੇ ਸਮੁੱਚਾ ਸਟਾਫ਼ ਹਾਜ਼ਰ ਸੀ।







