ਗੜ੍ਹਦੀਵਾਲਾ, 20 ਅਕਤੂਬਰ (ਚੌਧਰੀ )
: ਦਸੂਹਾ-ਹੁਸ਼ਿਆਰਪੁਰ ਰੋਡ ’ਤੇ ਪੈਂਦੇ ਅੱਡਾ ਮਾਛੀਆਂ ਨੇੜੇ ਅਵਾਰਾ ਪਸ਼ੂ ਮੋਟਰਸਾਈਕਲ ਅੱਗੇ ਆਉਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ । ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਚੋਂ ਇੱਕ ਦੀ ਮੌ+ਤ ਹੋ ਗਈ, ਜਦਕਿ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮਨਪ੍ਰੀਤ ਸਿੰਘ ਪੁੱਤਰ ਬਗੀਚਾ ਸਿੰਘ,ਵਾਸੀ ਵਾਰਡ ਨੰਬਰ 6, ਮੁਹੱਲਾ ਖਾਨਗਾਹ, ਗੜ੍ਹਦੀਵਾਲਾ ਨੇ ਦੱਸਿਆ ਕਿ ਉਹ ਘਾਸੀਪੁਰ ਨੇੜੇ ਸੈਂਚੁਰੀ ਪਲਾਈਵੁੱਡ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ ਦੇ ਨਾਲ ਸੁਰੇਸ਼ ਕੁਮਾਰ ਉਰਫ਼ ਸੇਠੀ (39) ਪੁੱਤਰ ਓਕਾਰ ਨਾਥ, ਵਾਸੀ ਗੁਜਰਾਤੀਆਂ ਮੁਹੱਲਾ, ਗੜ੍ਹਦੀਵਾਲਾ ਵੀ ਉਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਦੋਵਾਂ ਦੀ ਡਿਊਟੀ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੁੰਦੀ ਸੀ।
ਬਿਆਨਾਂ ਅਨੁਸਾਰ, ਡਿਊਟੀ ਖ਼ਤਮ ਕਰਨ ਤੋਂ ਬਾਅਦ ਦੋਵੇਂ ਮੋਟਰਸਾਈਕਲ ਨੰਬਰ PB-08-CH-4742 ’ਤੇ ਸਵਾਰ ਹੋ ਕੇ ਗੜ੍ਹਦੀਵਾਲਾ ਵਾਪਸ ਆ ਰਹੇ ਸਨ।ਮਨਪ੍ਰੀਤ ਸਿੰਘ ਮੋਟਰ ਸਾਈਕਲ ਚਲਾ ਰਿਹਾ ਸੀ, ਜਦਕਿ ਸੁਰੇਸ਼ ਕੁਮਾਰ ਪਿੱਛੇ ਬੈਠਾ ਸੀ। ਜਦੋਂ ਉਹ ਅੱਡਾ ਮਾਛੀਆਂ ਨੇੜੇ ਪਹੁੰਚੇ ਤਾਂ ਅਚਾਨਕ ਇੱਕ ਅਵਾਰਾ ਪਸ਼ੂ ਮੋਟਰਸਾਈਕਲ ਦੇ ਸਾਹਮਣੇ ਆ ਗਿਆ। ਪਸ਼ੂ ਨੂੰ ਬਚਾਉਣ ਲਈ ਬ੍ਰੇਕ ਲਗਾਉਣ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ।
ਇਸ ਦੌਰਾਨ ਮੋਟਰਸਾਈਕਲ ਸੜਕ ਕਿਨਾਰੇ ਲੱਗੇ ਖੰਭੇ ਨਾਲ ਟਕਰਾ ਗਿਆ ਅਤੇ ਪਿੱਛੇ ਬੈਠਾ ਸੁਰੇਸ਼ ਕੁਮਾਰ ਸੜਕ ’ਤੇ ਡਿੱਗ ਪਿਆ। ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗਣ ਕਾਰਨ ਮੌਕੇ ’ਤੇ ਹੀ ਮੌ+ਤ ਹੋ ਗਈ, ਜਦਕਿ ਮਨਪ੍ਰੀਤ ਸਿੰਘ ਦੀ ਖੱਬੀ ਬਾਂਹ ਅਤੇ ਪੱਸਲੀਆਂ ’ਤੇ ਸੱਟਾਂ ਲੱਗੀਆਂ ਹਨ।
ਘਟਨਾ ਦੀ ਸੂਚਨਾ ਮਿਲਣ ’ਤੇ ਗੜ੍ਹਦੀਵਾਲਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਕੈਪਸ਼ਨ: ਅਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸੁਰੇਸ਼ ਕੁਮਾਰ ਉਰਫ਼ ਸੇਠੀ ਦੀ ਫਾਈਲ ਫੋਟੋ।







