ਹੁਸ਼ਿਆਰਪੁਰ,25 ਸਤੰਬਰ (ਪ੍ਰਾਈਮ ਪੰਜਾਬ ਟਾਈਮਜ)
ਆਈ.ਏ.ਐਸ. ਅਧਿਕਾਰੀ ਓਇਸ਼ੀ ਮੰਡਲ ਨੇ ਪਿੱਪਲਾਂਵਾਲਾ ’ਚ ਘਰਾਂ ਦੀ ਕੀਤੀ ਚੈਕਿੰਗ, ਲੋਕਾਂ ਨੂੰ ਆਲਾ-ਦੁਆਲਾ ਸਾਫ਼ ਰੱਖਣ ਦੀ ਕੀਤੀ ਅਪੀਲ
ਸਿਹਤ ਵਿਭਾਗ ਦੀਆਂ ਟੀਮਾਂ ਨੇ ਚੈਕਿੰਗ ਦੌਰਾਨ ਪਾਇਆ ਲਾਰਵਾ ਕੀਤਾ ਨਸ਼ਟ
: ਜ਼ਿਲ੍ਹੇ ਵਿਚ ਡੇਂਗੂ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ’ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਦੀ ਲੜੀ ਵਿਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ’ਤੇ ਵੱਖ-ਵੱਖ ਇਲਾਕਿਆਂ ਵਿਚ ਟੀਮਾਂ ਵਲੋਂ ਚੈਕਿੰਗ ਤੇਜ਼ ਕਰਦਿਆਂ ਪਾਇਆ ਗਿਆ ਲਾਰਵਾ ਮੌਕੇ ’ਤੇ ਹੀ ਨਸ਼ਟ ਕੀਤਾ ਗਿਆ।
ਡਿਪਟੀ ਕਮਿਸ਼ਨਰ ਦੇ ਵਿਸ਼ੇਸ਼ ਕਾਰਜ ਅਫ਼ਸਰ (ਸ਼ਹਿਰੀ ਮਾਮਲੇ) ਆਈ.ਏ.ਐਸ. ਅਧਿਕਾਰੀ ਓਇਸ਼ੀ ਮੰਡਲ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਪਿੱਪਲਾਂਵਾਲਾ ਵਿਖੇ ਖੁਦ ਘਰਾਂ ਵਿਚ ਜਾ ਕੇ ਚੈਕਿੰਗ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਨੂੰ ਪੂਰੀ ਤਰ੍ਹਾਂ ਸਾਫ਼ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਘਰਾਂ ਵਿਚ ਕੂਲਰਾਂ, ਗਮਲਿਆਂ, ਖਾਲੀ ਟਰੇਆਂ, ਟਾਇਰਾਂ ਆਦਿ ਵੀ ਬਹੁਤ ਦਿਨ ਪਾਣੀ ਦਾ ਠਹਿਰਾਅ ਨਾ ਹੋਣ ਦਿੱਤਾ ਜਾਵੇ ਤਾਂ ਜੋ ਲਾਰਵਾ ਨਾ ਬਣ ਸਕੇ। ਉਨ੍ਹਾਂ ਕਿਹਾ ਕਿ ਜਾਗਰੂਕਤਾ ਨਾਲ ਡੇਂਗੂ ਨੂੰ ਵੱਧਣ ਤੋਂ ਆਸਾਨੀਆਂ ਨਾਲ ਰੋਕਿਆ ਜਾ ਸਕਦਾ ਹੈ ਜਿਸ ਲਈ ਸਾਰਿਆਂ ਦਾ ਸਹਿਯੋਗ ਅਤਿ ਜ਼ਰੂਰੀ ਹੈ।
ਓਇਸ਼ੀ ਮੰਡਲ ਨੇ ਕਿਹਾ ਕਿ ਡੇਂਗੂ ਦਾ ਪਸਾਰ ਖੜ੍ਹੇ ਪਾਣੀ ਵਿਚੋਂ ਹੁੰਦਾ ਹੈ ਜਿਸ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਘਰਾਂ, ਦਫ਼ਤਰਾਂ, ਅਦਾਰਿਆਂ, ਕੰਮ ਵਾਲੀਆਂ ਥਾਵਾਂ, ਦੁਕਾਨਾਂ ਆਦਿ ਦੇ ਆਲੇ-ਦੁਆਲੇ ਪਾਣੀ ਬਿਲਕੁਲ ਨਾ ਜਮ੍ਹਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਦੀਆਂ ਟੀਮਾਂ ਵਲੋਂ ਲਗਾਤਾਰ ਲਾਰਵਾ ਦੇ ਖਾਤਮੇ ਲਈ ਛਿੜਕਾਅ ਵੀ ਕੀਤਾ ਜਾ ਰਿਹਾ ਹੈ ਅਤੇ ਫੌਗਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ’ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਜਾਗਰੂਕਤਾ ਸਰਗਰਮੀਆਂ ਅਤੇ ਚੈਕਿੰਗ ਕੀਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਜਾਗਰੂਕ ਕਰਕੇ ਡੇਂਗੂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਰਾਣੇ ਟਾਇਰਾਂ, ਕੂਲਰਾਂ, ਗਮਲਿਆਂ, ਡਰੰਮਾ , ਫ੍ਰਿਜ ਟਰੇਆਂ ਅਤੇ ਹੋਰ ਪਾਣੀ ਇਕੱਠਾ ਕਰਨ ਵਾਲੇ ਬਰਤਨਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਖਾਲੀ ਕਰਨਾ ਚਾਹੀਦਾ ਹੈ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਹੁਣ ਤੱਕ 1576 ਘਰਾਂ ਦੀ ਜਾਂਚ ਕੀਤੀ ਗਈ ਜਿਨਾਂ ਵਿੱਚੋਂ 81 ਘਰਾਂ ਵਿੱਚ ਮੱਛਰਾਂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਦਿਆਂ ਲਾਰਵੀਸਾਈਡ ਦਾ ਛਿੜਕਾ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
—
ਕੈਪਸ਼ਨ : ਆਈ.ਏ.ਐਸ. ਅਧਿਕਾਰੀ ਓਇਸ਼ੀ ਮੰਡਲ ਪਿੱਪਲਾਂਵਾਲਾ ਵਿਖੇ ਡੇਂਗੂ ਦੀ ਰੋਕਥਾਮ ਲਈ ਚੈਕਿੰਗ ਅਤੇ ਵਸਨੀਕਾਂ ਨਾਲ ਗੱਲਬਾਤ ਕਰਦੇ ਹੋਏ।







