ਨਵਾਂਸ਼ਹਿਰ, 12 ਅਕਤੂਬਰ (ਐਸਕੇ ਜੋਸ਼ੀ)
:- ਵਿਜੈ ਦਸ਼ਮੀ ਦਿਵਸ ਤੇ ਰਾਸ਼ਟਰੀਯ ਸਵੰਯਮ ਸੇਵਕ ਸੰਘ ਵਲੋਂ 99 ਵਾਂ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਘ ਵਲੋਂ ਸ਼ਸਤਰ ਪੂਜਨ ਅਤੇ ਪਥ
ਸੰਚਲਨ ਦਾ ਰਸਮੀ ਆਯੋਜਨ ਕੀਤਾ ਗਿਆ। ਨਵਾਂਸ਼ਹਿਰ ਸਮੇਤ ਬੰਗਾ, ਬਲਾਚੌਰ, ਗੜ੍ਹਸ਼ੰਕਰ, ਰਾਹੋਂ ਅਤੇ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਦੋ ਸੌ ਦੇ ਕਰੀਬ ਸਵਯਮਸੇਵਕ ਸਵੇਰੇ 8.00 ਵਜੇ ਅਦਵੈਤ ਆਸ਼ਰਮ, ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ ਇਕੱਤਰ ਹੋਏ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਨਰਿੰਦਰ ਕੁਮਾਰ ਜੈਨ ਜਲੰਧਰ ਵਿਭਾਗ ਦੇ ਸੰਘਚਾਲਕ, ਮੋਹਨ ਸਿੰਘ ਜਿਲ੍ਹਾ ਨਵਾਂਸ਼ਹਿਰ ਸੰਘਚਾਲਕ ਅਤੇ ਨਵਦੀਪ ਜੀ ਜਲੰਧਰ ਵਿਭਾਗ ਦੇ ਪ੍ਰਚਾਰਕ ਮੰਚ ਸ਼ਾਮਿਲ ਸਨ। ਇਸ ਮੌਕੇ ਮੁੱਖ
ਵਕਤਾ ਸ਼੍ਰੀ ਨਵਦੀਪ ਜੀ ਨੇ ਆਪਣੇ ਭਾਸ਼ਣ ਵਿਚ ਵਿਜੈ ਦਸ਼ਮੀ ਉਤਸਵ ਮਨਾਏ ਜਾਣ ਅਤੇ ਸ਼ਸਤਰ ਪੂਜਨ ਦੀ ਮਹੱਤਤਾ ਉਤੇ ਰੋਸ਼ਨੀ ਪਾਉਂਦਿਆ ਕਿਹਾ ਕਿ ਇਸ ਦਿਨ ਭਗਵਾਨ ਰਾਮ ਵਲੋਂ ਰਾਵਣ ਦਾ ਅੰਤ ਕੀਤਾ ਗਿਆ ਸੀ। ਤਦ ਤੋਂ ਸੰਕੇਤਕ ਤੌਰ ਤੇ ਇਹ ਦਿਵਸ ਅਧਰਮ ਉਤੇ ਧਰਮ ਦੀ ਵਿਜੈ,ਅਧਿਆਤਮਕ ਪੱਖ ਤੋਂ ਦਸ ਇੰਦਰੀਆਂ ਉਤੇ ਵਿਜੈ, ਹਨੇਰੇ ਉਤੇ ਪ੍ਰਕਾਸ਼ ਦੀ ਵਿਜੈ, ਅਨਿਆਂ ਉਤੇ ਨਿਆਂ ਦੀ ਵਿਜੈ, ਦੁਰਾਚਾਰ ਉਤੇ ਸਦਾਚਾਰ ਦੀ ਵਿਜੈ, ਤਮੇਗੁਣ ਉਤੇ ਦੈਵੀਗੁਣਾਂ ਦੀ ਵਿਜੈ, ਦੁਸ਼ਕਰਮਾਂ ਉਤੇ
ਸਦਕਰਮਾਂ ਦੀ ਵਿਜੈ, ਦਾਨਵੀ ਸ਼ਕਤੀਆਂ ਉਪਰ ਦੈਵੀ ਸ਼ਕਤੀਆਂ ਦੀ ਵਿਜੈ ਦੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਆਪਣੇ ਭਾਸ਼ਣ ਵਿਚ ਭਾਰਤ ਵਲੋਂ ਵਿਸ਼ਵ ਵਿਚ ਮਾਣਮੱਤੀ ਪਛਾਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਾਰਤ ਵਿਸ਼ਵ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਬਣਨ ਵੱਲ ਵੱਧ ਰਿਹਾ ਹੈ।
ਭਾਰਤੀ ਵਿਗਿਆਨੀਆਂ ਵਲੋਂ ਨਿਊਕਲਰ ਸ਼ਕਤੀ ਹਾਸਿਲ ਕਰਨ, ਸਪੇਸ ਅਤੇ ਮਿਸਾਇਲ ਟੈਕਨੌਲੋਜੀ ਵਿਚ ਕੀਤੇ ਵਿਕਾਸ ਨੇ ਦੁਨੀਆ ਨੂੰ ਹੈਰਾਨ ਕੀਤਾ ਹੈ। ਉਨ੍ਹਾਂ ਨੇ ਸਮਾਜ ਨੂੰ ਤੋੜਨ ਵਾਲੀਆਂ ਅਸਮਾਜਿਕ ਸ਼ਕਤੀਆਂ ਦੀਆਂ ਸਾਜਿਸ਼ਾਂ ਤੋਂ ਸਾਵਧਾਨ ਰਹਿਣ ਲਈ ਅਤੇ ਆਪਣੀ ਸੰਗਠਿਤ ਸ਼ਕਤੀ ਵਧਾਉਣ ਲਈ
ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਮਾਜ ਨੂੰ ਅਧਿਆਤਮਿਕ ਸੇਧ ਦੇਣ ਲਈ ਭਗਵਾਨ ਵਾਲਮੀਕੀ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸੰਤ ਸ਼ਿਰੋਮਣੀ ਰਵੀਦਾਸ ਜੀ, ਕਬੀਰ ਜੀ ਅਤੇ ਹੋਰ ਸੰਤਾਂ ਮਹਾਂਪੁਰਖਾਂ ਵਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਦੇਸ਼ ਭਗਤਾਂ ਵਲੋਂ ਦੇਸ਼ ‘ਅਜਾਦੀ ਲਈ ਕੀਤੇ ਸੰਘਰਸ਼ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਦੇਸ਼ ਨੂੰ ਮਹਾਂਪੁਰਖਾਂ ਤੇ ਸ਼ਹੀਦਾਂ ਵਲੋਂ ਕੀਤੇ ਸੰਕਲਪਾਂ ਦੇ ਅਨੁਸਾਰ ਰਾਸ਼ਟਰ ਦੇ
ਨਿਰਮਾਣ ਵਿਚ ਯੋਗਦਾਨ ਪਾਉਣ ਲਈ ਕਿਹਾ। ਇਸ ਤੋਂ ਬਾਦ ਪੂਰਨ ਗਣਵੇਸ਼ ਵਿਚ ਰਾਸ਼ਟਰੀਯ ਸਵੰਯਮ ਸੇਵਕਾਂ ਵਲੋਂ ਪੂਰਨ ਅਨੁਸ਼ਾਸਨ ਵਿਚ ਪਥ ਸੰਚਲਨ ਕੀਤਾ ਗਿਆ ਜੋ ਕਿ ਗੀਤਾ ਭਵਲ ਰੋਡ,ਕੋਠੀ ਰੋਡ ਤੋਂ ਹੁੰਦਾ ਹੋਇਆ ਬਾਬਾ ਸਾਹਿਬ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਚੌਕ ਤੋਂ ਵਾਪਸ ਪੰਡੋਰਾ ਮਹੱਲਾ ਪਹੁੰਚ ਕੇ ਸੰਪੰਨ ਹੋਇਆ। ਰਸਤੇ ਵਿਚ ਸ਼ਰਧਾਲੂਆਂ ਵਲੋਂ ਪੁਸ਼ਪ ਵਰਖਾ ਕੀਤੀ ਗਈ।ਇਹ ਆਯੋਜਨ ਗੁੜਾਕੇਸ਼ ਜੀ ਜਿਲ੍ਹਾ ਕਾਰਯਵਾਹ ਦੀ ਅਗਵਾਈ ਵਿਚ ਸਮੁੱਚੀ ਜਿਲ੍ਹਾ ਟੀਮ ਦੇ
ਸਵੰਯਮ ਸੇਵਕਾਂ ਦੇ ਸਹਿਯੋਗ ਨਾਲ ਸੰਪੰਨ ਹੋਇਆ।








