ਗੜ੍ਹਦੀਵਾਲਾ (ਚੌਧਰੀ)
30 ਜਨਵਰੀ : ਕੈਨੇਡਾ ਨਿਵਾਸੀ ਸ. ਸਰਮੁੱਖ ਸਿੰਘ ਢਿਲੋਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਇਕ ਸਹਾਇਤਾ ਅਤੇ ਸੰਤ ਬਾਬਾ ਤੇਜਾ ਸਿੰਘ ਖੁੱਡੇ ਵਾਲਿਆਂ ਦੇ ਸਹਿਯੋਗ ਨਾਲ ਮਿਤੀ 29-1-23 ਨੂੰ ਪਿੰਡ ਸੰਸਾਰਪੁਰ ਵਿੱਚ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਅੱਖਾਂ ਦੇ ਮਾਹਿਰ ਡਾਕਟਰ ਕਪਲਮੀਤ ਸਿੰਘ ਅਤੇ ਡਾਕਟਰ ਹਰਪ੍ਰੀਤ ਕੌਰ ਸੰਘਾ ਨੇ 425 ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈੱਕਅੱਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ। ਅੱਖਾਂ ਦੇ ਅਪਰੇਸ਼ਨ ਕਰਨ ਲਈ 85 ਮਰੀਜ਼ਾਂ ਦੀ ਚੋਣ ਕੀਤੀ ਗਈ।ਇਨ੍ਹਾਂ ਸਾਰੇ ਮਰੀਜ਼ਾਂ ਨੂੰ ਬੱਸਾਂ ਰਾਹੀਂ ਜਲੰਧਰ ਲਿਜਾ ਕੇ ਮੁਫਤ ਉਪਰੇਸ਼ਨ ਕੀਤੇ ਜਾਣਗੇ ਅਤੇ ਮੁਫਤ ਲੈਨਜ਼ ਪਾਏ ਜਾਣਗੇ।ਇਸ ਮੌਕੇ ਮਾਸਟਰ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿੱਚ ਮਰੀਜ਼ਾਂ ਦੇ ਠਹਿਰਨ ਅਤੇ ਖਾਣਾ ਮੁਫਤ ਦਿੱਤਾ ਜਾਵੇਗਾ।ਇਸ ਕੈਂਪ ਵਿੱਚ ਦੂਰ-ਦੁਰਾਡਿਓਂ ਹਿਮਾਚਲ ਤੱਕ ਲੋਕ ਆਏ ਸਨ,ਜਿਨ੍ਹਾਂ ਲਈ ਪਿੰਡ ਸੰਸਾਰਪੁਰ ਦੇ ਬਖਸ਼ੀਸ਼ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਲੰਗਰ ਦੀ ਸੇਵਾ ਕੀਤੀ।ਇਸ ਕੈਂਪ ਵਿੱਚ ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਪਹੁੰਚ ਕੇ ਸਰਮੁੱਖ ਸਿੰਘ ਢਿਲੋਂ ਅਤੇ ਸੰਤ ਬਾਬਾ ਤੇਜਾ ਸਿੰਘ ਜੀ ਵਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।ਕੈਂਪ ਦੇ ਮੁੱਖ ਪ੍ਰਬੰਧਕ ਅਤੇ ਸੰਤ ਬਾਬਾ ਬਹਾਦਰ ਸਿੰਘ ਸੇਵਾ ਸੁਸਾਇਟੀ(ਰਜਿ.)ਦੇ ਪ੍ਰਧਾਨ ਮਾਸਟਰ ਸੁਰਜੀਤ ਸਿੰਘ ਨੇ ਕੈਂਪ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।








