*ਆਪ ਦੀ ਸਰਕਾਰ ਬਣਦੇ ਹੀ ਪੁਲੀਸ ਦੀ ਧੱਕੇਸ਼ਾਹੀ ਵਿਰੁੱਧ ਰੋਸ ਪ੍ਰਦਰਸ਼ਨ,ਕਿਹਾ ਮੇਹਟੀਆਣਾ ਐੱਸਐੱਚਓ ਵੱਲੋਂ ਕੀਤੀ ਜਾ ਰਹੀ ਹੈ ਧੱਕੇਸ਼ਾਹੀ*
ਹੁਸ਼ਿਆਰਪੁਰ, 21 ਮਾਰਚ (ਤਰਸੇਮ ਦੀਵਾਨਾ )- ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਂਦਿਆਂ ਹੀ ਪੁਲੀਸ ਪ੍ਰਸ਼ਾਸਨ ਦੀ ਗੁੰਡਾਗਰਦੀ ਸ਼ੁਰੂ ਹੋ ਚੁੱਕੀ ਹੈ। ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਆਮ ਜਨਤਾ ਨੂੰ ਇਨਸਾਫ਼ ਦਿਵਾਉਣ ਅਤੇ ਪੁਲਸ ਪ੍ਰਸ਼ਾਸਨ ਵਲੋਂ ਈਮਾਨਦਾਰੀ ਨਾਲ ਡਿਊਟੀ ਕਰਨ ਦੇ ਕੀਤੇ ਦਾਅਵੇ ਚਿੱਟਾ ਹਾਥੀ ਸਾਬਤ ਹੋ ਰਹੇ ਹਨ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਥਾਣਾ ਮੇਹਟੀਆਣਾ ਅੱਗੇ ਹੁਸ਼ਿਆਰਪੁਰ ਫਗਵਾੜਾ ਰੋਡ ਜਾਮ ਕਰਕੇ ਡਾ. ਜਤਿੰਦਰ ਕੁਮਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਦੀ ਅਗਵਾਈ ਵਿੱਚ ਲਗਾਏ ਧਰਨੇ ਦੌਰਾਨ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਧਰਨਾਕਾਰੀਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਥਾਣਾ ਮੇਹਟੀਆਣਾ ਦੇ ਐੱਸ ਐੱਚ ਓ ਸਬ ਇੰਸਪੈਕਟਰ ਪਰਮਿੰਦਰ ਕੌਰ ਵੱਲੋਂ ਆਮ ਜਨਤਾ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਥਾਣਾ ਮੇਹਟੀਆਣਾ ਦੀ ਪੁਲਸ ਵੱਲੋਂ ਬੀਤੀ 15 ਮਾਰਚ ਨੂੰ ਪਿੰਡ ਮਾਨਾ ਦੇ 10 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ ਦੇ ਵਿਰੋਧ ਵਿਚ ਮੁਕੱਦਮੇ ਵਿਚ ਨਾਮਜ਼ਦ ਵਿਅਕਤੀਆਂ ਦੇ ਪੱਖ ਵਿੱਚ ਅੱਜ ਥਾਣਾ ਮੇਹਟੀਆਣਾ ਅੱਗੇ ਹੁਸ਼ਿਆਰਪੁਰ-ਫਗਵਾੜਾ ਮਾਰਗ ਤੇ ਰੋਡ ਜਾਮ ਕਰਕੇ ਧਰਨਾ ਲਗਾ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਥਾਣਾ ਮੇਹਟੀਆਣਾ ਦੀ ਐੱਸ.ਐੱਚ.ਓ. ਵੱਲੋਂ ਝੂਠਾ ਅਤੇ ਬੇਬੁਨਿਆਦ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਸ ਦਾ ਕੋਈ ਪੁਖਤਾ ਸਬੂਤ ਨਹੀਂ ਹੈ।
ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਦੌਰਾਨ ਡਾ. ਜਤਿੰਦਰ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨਾਲ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਤਫ਼ਤੀਸ਼ ਜਾਂ ਬਿਨਾਂ ਸਬੂਤਾਂ ਦੇ ਪੁਲਸ ਨੂੰ ਮੁਕੱਦਮਾ ਦਰਜ ਨਹੀਂ ਕਰਨਾ ਚਾਹੀਦਾ। ਇਸ ਮੌਕੇ ਹਾਜ਼ਰ ਬਚਨ ਕੌਰ, ਵੰਦਨਾ ਹੀਰ, ਨਰਿੰਦਰ ਕੌਰ, ਮੇਜਰ ਸਿੰਘ ਸਰਪੰਚ, ਜੱਸਾ ਸਰਪੰਚ, ਵਿਪਨ ਠਾਕੁਰ, ਹਰਪ੍ਰੀਤ ਹੈਪੀ ਸਿੰਬਲੀ, ਛਿੰਦਰਪਾਲ ਆਦਿ ਨੇ ਪਰਚਾ ਰੱਦ ਕਰਨ ਦੀ ਮੰਗ ਕੀਤੀ। ਪਿੰਡ ਮਾਨਾਂ ਦੀਆ ਔਰਤਾਂ ਵੱਲੋਂ ਇਕ ਥਾਣੇਦਾਰ ਵੱਲੋਂ ਬਿਨਾਂ ਕਿਸੇ ਵਾਰੰਟ ਤੋਂ ਘਰਾਂ ਵਿਚ ਜ਼ਬਰਦਸਤੀ ਦਾਖਲ ਹੋਣ ਅਤੇ ਔਰਤਾਂ ਨਾਲ ਬਦਸਲੂਕੀ ਕਰਨ ਦਾ ਦੋਸ਼ ਵੀ ਲਗਾਇਆ ਗਿਆ। ਰੋਸ ਪ੍ਰਦਰਸ਼ਨ ਦੌਰਾਨ ਸੜਕ ਦੇ ਦੋਵਾਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਲਗਪਗ ਇਕ ਘੰਟੇ ਬਾਅਦ ਐੱਸ.ਐੱਚ.ਓ. ਪਰਮਿੰਦਰ ਕੌਰ ਨੇ ਧਰਨਾਕਾਰੀਆਂ ਨੂੰ ਸਮਝਾ ਬੁਝਾ ਕੇ ਧਰਨਾ ਚੁਕਾਇਆ ਤੇ ਰੋਡ ਬਹਾਲ ਕਰਵਾਇਆ। ਐੱਸ.ਐੱਚ.ਓ. ਵੱਲੋਂ ਮਸਲੇ ਦਾ ਹੱਲ ਕਰਨ ਲਈ 5 ਦਿਨ ਦਾ ਸਮਾਂ ਮੰਗਿਆ ਗਿਆ। ਧਰਨਾਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 5 ਦਿਨਾਂ ਵਿੱਚ ਮੰਗ ਪੂਰੀ ਨਾ ਕੀਤੀ ਗਈ ਤਾਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਫੋਟੋ : ਥਾਣਾ ਮੇਹਟੀਆਣਾ ਅੱਗੇ ਧਰਨੇ ਦੌਰਾਨ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਪ੍ਰਦਰਸ਼ਨਕਾਰੀ।








