ਗੜ੍ਹਦੀਵਾਲਾ 23 ਦਸੰਬਰ(ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ ) : ਸੂਬੇ ਦੇ ਜੰਗਲਾਤ ਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਵਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਡੱਫਰ ਵਿਖੇ ਕਰੀਬ 37 ਲੱਖ ਦੀ ਲਾਗਤ ਵਾਲੇ ਸਿੰਚਾਈ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਇਸ ਟਿਊਬਵੈਲ ਨਾਲ ਪਿੰਡ ਦੀ ਕਰੀਬ 90 ਏਕੜ ਜ਼ਮੀਨ ਨੂੰ ਇਸਦਾ ਫਾਇਦਾ ਮਿਲੇਗਾ। ਇਸ ਦੌਰਾਨ ਗਿਲਜ਼ੀਆਂ ਵਲੋਂ ਕਰੀਬ 5 ਲੱਖ ਦੀ ਲਾਗਤ ਵਾਲੀ ਸੰਪਰਕ ਸੜਕ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਵਾਟਰ ਰਿਸੋਰਸਜ਼ ਦੇ ਐਸ ਈ ਹਰਮਿੰਦਰਪਾਲ ਸਿੰਘ, ਐਕਸੀਐਨ ਪਾਵਰਕਾਮ ਦੇ ਵਧੀਕ ਨਿਗਰਾਨ – ਇੰਜੀਨੀਅਰ ਅਤੇ ਐਸਡੀਓ 1 ਜੋਗਿੰਦਰ ਸਿੰਘ ਅਤੇ ਸਰਪੰਚ ਹਰਦੀਪ ਸਿੰਘ ਪਿੰਕੀ ਵੀ ਹਾਜ਼ਰ ਸਨ।
ਇੱਕ ਸਾਦੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਸਰਕਾਰ ਵਲੋਂ ਪਿੰਡਾਂ ਖਾਸ ਕਰਕੇ ਕੰਢੀ ਖੇਤਰ ਦੇ ਵਿਕਾਸ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ।ਹਲਕੇ ਅੰਦਰ ਸਿੰਚਾਈ ਸਾਧਨਾਂ ਦੀ ਘਾਟ ਨੂੰ ਦੂਰ ਕਰਨ ਲਈ ਕੰਢੀ ਦੇ ਉੜਮੁੜ ਹਲਕੇ ਦੇ 49 ਪਿੰਡਾਂ ਵਿੱਚ ਕਰੀਬ 25 ਸਿੰਚਾਈ ਟਿਊਵੈਲ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 11 ਟਿਊਵੈਲਾਂ ਦਾ ਕੰਮ ਮੁਕੰਮਲ ਨਵੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਵੱਡੀ ਸਮਰੱਥਾ ਵਾਲੇ ਟ੍ਰਾਂਸਫਾਰਮਰ ਲਗਾਏ ਗਏ ਹਨ। ਕੈਬਨਿਟ ਮੰਤਰੀ ਗਿਲਜ਼ੀਆ ਨੇ ਇਸ ਮੌਕੇ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਭੇਂਟ ਕੀਤਾ। ਸਿੰਚਾਈ ਸਾਧਨਾਂ ਦੀ ਘਾਟ ਪੂਰਾ ਕਰਕੇ ਹਲਕੇ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੇਂਡੂ ਸੰਪਰਕ ਸੜਕਾਂ ਦੀ ਖਸਤਾ ਹਾਲਤ ਸੁਧਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਡੀ ਪੱਧਰ ‘ਤੇ ਨਵੀਆਂ ਸੜਕਾਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।