ਹੁਸ਼ਿਆਰਪੁਰ(ਬਿਊਰੋ)
31 ਅਕਤੂਬਰ ਤੋਂ 13 ਨਵੰਬਰ ਤੱਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਚਲਾਏਗੀ ਵਿਸ਼ੇਸ਼ ਜਾਗਰੂਕਤਾ ਮੁਹਿੰਮ : ਅਪਰਾਜਿਤਾ ਜੋਸ਼ੀ
–ਪੈਨ ਇੰਡੀਆ ਤਹਿਤ ਚਲਾਈ ਜਾਣ ਵਾਲੀ ਜਾਰਗੂਕਤਾ ਮੁਹਿੰਮ ਸਬੰਧੀ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
–ਕਿਹਾ, ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਇਲਾਵਾ ਕੇਂਦਰੀ ਜੇਲ੍ਹ, ਜੁਵੇਨਾਇਲ ਹੋਮ ਤੇ ਸਪੈਸ਼ਲ ਹੋਮ ਨੂੰ ਵੀ ਕੀਤਾ ਜਾਵੇਗਾ ਕਵਰ
–9 ਨਵੰਬਰ ਨੂੰ ਲੀਗਲ ਸਰਵਿਸਜ਼ ਡੇਅ ’ਤੇ ਮਾਉਂਟ ਕਾਰਮਲ ਸਕੂਲ ਕੱਕੋਂ ’ਚ ਲਗਾਇਆ ਜਾਵੇਗਾ ਮੈਗਾ ਲੀਗਲ ਅਵੇਅਰਨੈਸ ਕੈਂਪ
29 ਅਕਤੂਬਰ : ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਪੈਨ ਇੰਡੀਆ ਮੁਹਿੰਮ ਤਹਿਤ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹੇ ਵਿਚ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਦੇ ਨਾਲ-ਨਾਲ ਕੇਂਦਰੀ ਜੇਲ੍ਹ, ਜੁਵੇਨਾਇਲ ਹੋਮ ਅਤੇ ਸਪੈਸ਼ਲ ਹੋਮ ਨੂੰ ਵੀ ਕਵਰ ਕੀਤਾ ਜਾਵੇਗਾ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਸ਼੍ਰੀ ਵਿਓਮ ਭਾਰਦਵਾਜ ਵੀ ਮੌਜੂਦ ਸਨ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ 31 ਅਕਤੂਬਰ ਤੋਂ 13 ਨਵੰਬਰ ਤੱਕ ਦੇਸ਼ ਵਿਆਪੀ ਇਹ ਜਾਗਰੂਕਤਾ ਮੁਹਿੰਮ ਸ਼ੁਰੂ ਹੋ ਰਹੀ ਹੈ, ਜਿਸ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਅਮਰਜੋਤ ਭੱਟੀ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਦੋ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਹਿਲੀ ਜਾਗਰੂਕਤਾ ਮੁਹਿੰਮ ‘ਇੰਪਾਵਰਮੈਂਟ ਆਫ਼ ਸਿਟੀਜਨ ਥਰੂ ਲੀਗਲ ਅਵੇਅਰਨੈਸ ਐਂਡ ਆਊਟਰੀਚ’ ਵਿਚ ਪੂਰਾ ਜ਼ਿਲ੍ਹਾ ਕਵਰ ਕੀਤਾ ਜਾਵੇਗਾ, ਜਦਕਿ ਦੂਜੀ ਜਾਗਰੂਕਤਾ ਮੁਹਿੰਮ ‘ਹਕ ਹਮਾਰਾ ਵੀ ਤੋ ਹੈ’ ਤਹਿਤ ਕੇਂਦਰੀ ਜੇਲ੍ਹ ਦੇ ਹਵਾਲਾਤੀਆਂ ਤੇ ਕੈਦੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੁਵੇਨਾਇਲ ਹੋਮ ਤੇ ਸਪੈਸ਼ਲ ਹੋਮ ਵੀ ਇਸੇ ਮੁਹਿੰਮ ਵਿਚ ਕਵਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲੀ ਜਾਗਰੂਕਤਾ ਮੁਹਿੰਮ 31 ਅਕਤੁਬਰ ਤੋਂ 13 ਨਵੰਬਰ ਤੱਕ ਅਤੇ ਦੂਜੀ ਮੁਹਿੰਮ 1 ਨਵੰਬਰ ਤੋਂ 13 ਨਵੰਬਰ ਤੱਕ ਚਲਾਈ ਜਾਵੇਗੀ। ਇਨ੍ਹਾਂ ਜਾਗਰੂਕਤਾ ਮੁਹਿੰਮਾਂ ਵਿਚ ਪੈਰਾ ਲੀਗਲ ਵਲੰਟੀਅਰ, ਪੈਨਲ ਐਡਵੋਕੇਟਸ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ, ਤਾਂ ਜੋ ਸਾਰਿਆ ਤੱਕ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਸੰਦੇਸ਼ ਪਹੁੰਚ ਸਕੇ।
ਸ਼ੀ੍ਰਮਤੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦਾ ਉਦੇਸ਼ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਵੀ ਲੋਕਾਂ ਤੱਕ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਰਮਿਆਨ 9 ਨਵੰਬਰ ਨੂੰ ਲੀਗਲ ਸਰਵਿਸਜ਼ ਡੇਅ ਤਹਿਤ ਇਕ ਮੈਗਾ ਲੀਗਲ ਅਵੇਅਰਨੈਸ ਕੈਂਪ ਮਾਉਂਟ ਕਾਰਮਲ ਸਕੂਲ ਕੱਕੋਂ ਵਿਚ ਲਗਾਇਆ ਜਾਵੇਗਾ, ਜਿਸ ਵਿਚ ਵੱਖ-ਵੱਖ ਵਿਭਾਗਾਂ ਵਲੋਂ ਸਟਾਲ ਲਗਾ ਕੇ ਮੌਕੇ ’ਤੇ ਲੋਕਾਂ ਨੂੰ ਨਾਗਰਿਕ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਚ ਵੀ ਇਸ ਦਿਨ ਕੈਦੀਆਂ ਤੇ ਹਵਾਲਾਤੀਆਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਜ਼ਿਲ੍ਹੇ ਵਿਚ ਰਾਸ਼ਟਰੀ ਲੋਕ ਅਦਾਲਤ ਦਾ ਵੀ ਆਯੋਜਨ ਹੋਵੇਗਾ, ਜਿਸ ਦਾ ਲੋਕ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ।
ਇਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਲੀਡ ਜ਼ਿਲ੍ਹਾ ਮੈਨੇਜਰ ਤਰਸੇਮ ਸਿੰਘ ਪੂਰੇਵਾਲ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਚੋਣ ਤਹਿਸੀਲਦਾਰ ਹਰਮਿੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ, ਜ਼ਿਲ੍ਹਾ ਈ-ਕੁਆਰਡੀਨੇਟਰ ਰਣਜੀਤ ਸਿੰਘ, ਐਨ.ਜੀ.ਓ. ਤੋਂ ਆਗਿਆ ਪਾਲ ਸਿੰਘ ਸਾਹਨੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।








