ਗੜ੍ਹਸ਼ੰਕਰ 24 ਦਸੰਬਰ (ਅਸ਼ਵਨੀ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ’ਚ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਗੁਰਮਤਿ ਮਾਰਚ ਸਜਾਉਣ ਨੂੰ ਮੁੱਖ ਰੱਖਦੇ ਹੋਏ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਾਲਜ ਗੁਰਮਤਿ ਸਮਾਗਮ ਕਰਵਾਉਣ ਉਪਰੰਤ ਕਾਲਜ ਤੋਂ ਸ਼ਹਿਰ ’ਚ ਵਿਸ਼ਾਲ ਗੁਰਮਤਿ ਮਾਰਚ ਸਜਾਇਆ ਗਿਆ।ਗੁਰਦੁਆਰਾ ਸਾਹਿਬ ਵਿਖੇ ਸ੍ਰੀ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਜਾਪ ਉਪਰੰਤ ਭਾਈ ਰਾਏਦੀਪ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪ੍ਰਚਾਰਕ ਗਿਆਨੀ ਬਲਵੀਰ ਸਿੰਘ ਚੰਗਿਆੜਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਮਾਤਾ ਗੁਜਰ ਕੌਰ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਤਿਹਾਸ ਦੇ ਪੰਨੇ ਸੰਗਤਾਂ ਨਾਲ ਸਾਂਝੇ ਕੀਤੇ। ਕਾਲਜ ਪਿ੍ੰਸੀਪਲ ਡਾ. ਬਲਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਵਲੋਂ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਇਤਿਹਾਸ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ। ਭਾਈ ਜਸਵਿੰਦਰ ਸਿੰਘ ਸਮਾਗਮ ਅਤੇ ਗੁਰਮਤਿ ਮਾਰਚ ਦੀ ਆਰੰਭਤਾ ਮੌਕੇ ਅਰਦਾਸ ਕੀਤੀ ਗਈ। ਕਾਲਜ ਤੋਂ ਜ਼ੈਕਾਰਿਆਂ ਦੀ ਗੂੰਜ਼ ’ਚ ਗੁਰਮਤਿ ਮਾਰਚ ਆਰੰਭ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ’ਚ ਕਾਲਜ ਅਤੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਟਾਫ਼ ਸਮੇਤ ਹਿੱਸਾ ਲਿਆ। ਗੁਰਮਤਿ ਮਾਰਚ ਦੀ ਅਗਵਾਈ ਖ਼ਾਲਸਾਈ ਬਾਣੇ ’ਚ ਸਜੀ ਵਿਦਿਆਰਥੀਆਂ ਦੀ ਪ੍ਰੇਡ ਵਲੋਂ ਕੀਤੀ ਗਈ। ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ, ਰਾਜਿੰਦਰ ਸਿੰਘ ਸ਼ੂਕਾ ਅਰੋੜਾ ਇਮੀਗ੍ਰੇਸ਼ਨ ਵਲੋਂ ਫ਼ਲ ਤੇ ਪ੍ਰਸ਼ਾਦਿ ਦੇ ਲੰਗਰ ਵਰਤਾਏ ਗਏ। ਗੁਰਦੁਆਰਾ ਸਿੰਘ ਸਭਾ ਗੜ੍ਹਸ਼ੰਕਰ ਵਿਖੇ ਮਾਰਚ ਦੀ ਸਮਾਪਤੀ ਮੌਕੇ ਚਾਹ ਤੇ ਪ੍ਰਸ਼ਾਦ ਦੇ ਲੰਗਰ ਵਰਤਾਏ ਗਏ। ਗੁਰਮਤਿ ਮਾਰਚ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ, ਬੀਬੀ ਰਣਜੀਤ ਕੌਰ ਮਾਹਿਲਪੁਰੀ, ਪਿ੍ਰੰਸੀਪਲ ਡਾ. ਬਲਜੀਤ ਸਿੰਘ, ਜਥੇਦਾਰ ਬਲਵੀਰ ਸਿੰਘ ਚੰਗਿਆੜਾ, ਭਾਈ ਜਸਵਿੰਦਰ ਸਿੰਘ ਗੁਰਦੁਆਰਾ ਸ਼ਹੀਦਾਂ, ਪਿ੍ਰੰਸੀਪਲ ਅਰਵਿੰਦਰ ਕੌਰ ਵਾਲੀਆ, ਜੇ.ਪੀ. ਸਿੰਘ, ਪ੍ਰੋ. ਅਪਿੰਦਰ ਸਿੰਘ, ਡਾ. ਹਰਵਿੰਦਰ ਸਿੰਘ ਬਾਠ, ਰਣਜੀਤ ਸਿੰਘ ਖੱਖ ਤੇ ਕਾਲਜ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਹੋਇਆ
ਖ਼ਾਲਸਾ ਕਾਲਜ ਤੋਂ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਮਾਰਚ ਸਜਾਇਆ
- Post published:December 24, 2021