ਗੁੱਜਰਾਂ ਦੇ ਕੁਲ ਨੂੰ ਭਿਆਨਕ ਅੱਗ ਲੱਗਣ ਕਾਰਨ 10 ਪਸ਼ੂਆਂ ਦੀ ਮੌਤ ਤੇ 18 ਦੇ ਕਰੀਬ ਪਸ਼ੂ ਗੰਭੀਰ ਰੂਪ ‘ਚ ਸੜ ਕੇ ਹੋਏ ਜ਼ਖ਼ਮੀ
ਬਟਾਲਾ 12 ਦਸੰਬਰ (ਅਵਿਨਾਸ਼ ) : ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਰਹਿੰਦੇ ਗੁੱਜਰਾਂ ਦੇ ਕੁਲ ਨੂੰ ਕੱਲ੍ਹ ਰਾਤ ਭਿਆਨਕ ਅੱਗ ਲੱਗਣ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਖ਼ਬਰ ਹੈ । ਕੁਲ ਦੇ ਮਾਲਕ ਗੁੱਜਰ ਮਿਰਜ਼ਾ ਪੁੱਤਰ ਮੁਹੰਮਦ ਹੁਸੈਨ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਕੁਲ ਤੋਂ ਕੁਝ ਦੂਰੀ ਤੇ ਪਰਾਲੀ ਦੇ ਢੇਰ ਨੂੰ ਅੱਗ ਲੱਗੀ ਵੇਖੀ ਤਾਂ ਉਹ ਉਸ ਨੂੰ ਬੁਝਾਉਣ ਲਈ ਉਸ ਥਾਂ ਤੇ ਗਏ ਤਾਂ ਕੁਝ ਸਮੇਂ ਬਾਅਦ ਕੁਲ ਨੂੰ ਵੀ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ । ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਵੀ ਪਹੁੰਚੀ ਪਰ ਉਸ ਸਮੇਂ ਤਕ ਕਾਫ਼ੀ ਨੁਕਸਾਨ ਹੋ ਚੁੱਕਾ ਸੀ । ਅੱਗ ਲੱਗਣ ਕਾਰਨ 10 ਪਸ਼ੂਆਂ ਦੀ ਮੌਤ ਹੋ ਗਈ ਤੇ 18 ਦੇ ਕਰੀਬ ਪਸ਼ੂ ਗੰਭੀਰ ਰੂਪ ਵਿਚ ਸੜ ਕੇ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਕੁਝ ਵਾਹਨ ਜਿਨ੍ਹਾਂ ਵਿਚ ਇਕ ਟਰੈਕਟਰ ਤੇ ਮੋਟਰਸਾਈਕਲ ਆਦਿ ਵੀ ਅੱਗ ਨਾਲ ਨੁਕਸਾਨੇ ਗਏ। ਖ਼ਬਰ ਮਿਲਦਿਆਂ ਹੀ ਵੈਟਰਨਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਦਾਸਪੁਰ ਡਾ ਸ਼ਾਮ ਸਿੰਘ ਦੀ ਅਗਵਾਈ ਵਿਚ ਡਾਕਟਰਾਂ ਦੀ ਪੂਰੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਵਿਚ ਡਾ ਆਰ ਕੇ ਸ਼ਰਮਾ, ਡਾ ਸ਼ਮਸ਼ੇਰ ਪਾਲ ਸਿੰਘ ,ਡਾ ਜੀਵਨਜੋਤ ਕੌਰ, ਡਾ ਬੀ ਐਨ ਸ਼ੁਕਲਾ ,ਵੈਟਰਨਰੀ ਫਾਰਮਾਸਿਸਟ ਗੁਰਜੰਟ ਸਿੰਘ ਅਤੇ ਬਲਾਕ ਸ੍ਰੀ ਹਰਗੋਬਿੰਦਪੁਰ ਦਾ ਸਮੂਹ ਸਟਾਫ ਜ਼ਖ਼ਮੀ ਪਸ਼ੂਆਂ ਦੇ ਇਲਾਜ ਵਿਚ ਲੱਗੇ ਹੋਏ ਸਨ। ਮੌਕੇ ਤੇ ਪਹੁੰਚੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਐੱਮ ਐੱਲ ਏ ਸ ਬਲਵਿੰਦਰ ਸਿੰਘ ਲਾਡੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦਾ ਭਰੋਸਾ ਦਿੱਤਾ ।