ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਝੂਠੇ ਲਾਰਿਆਂ ਤੋਂ ਤੰਗ ਆਏ ਕੱਚੇ ਮੁਲਾਜ਼ਮਾਂ ਨੇ ਪੁੱਤਲਾ ਫੂਕ ਕੇ ਕੱਢੀ ਭੜਾਸ
ਪੰਜ ਦਸੰਬਰ ਨੂੰ ਜਲੰਧਰ ਵਿਖੇ ਪੰਜਾਬ ਪੱਧਰ ਦੇ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਦਾ ਸੱਦਾ
ਗੁਰਦਾਸਪੁਰ 27 ਨਵੰਬਰ ( ਅਸ਼ਵਨੀ ) :- ਕੱਚੇ ਤੇ ਮਾਣ ਭੱਤਾ , ਕੰਟਰੈਕਟ ਮੁਲਾਜ਼ਮ ਮੋਰਚਾ ਪੰਜਾਬ ਦੇ ਸੱਦੇ ਤੇ ਸੂਬਾ ਕਨਵੀਨਰ ਜਸਵਿੰਦਰ ਕੌਰ ਧਾਲੀਵਾਲ ਪ੍ਰਧਾਨ ਸਟਾਫ਼ ਨਰਸਿੰਗ ਐਸੋਸੀਏਸ਼ਨ, ਬਲਵਿੰਦਰ ਕੌਰ ਰਾਵਲਪਿੰਡੀ ਪ੍ਰਚਾਰ ਸਕੱਤਰ ਡੀ ਐਮ ਐਫ ਪੰਜਾਬ ਅਤੇ ਬਲਵਿੰਦਰ ਕੌਰ ਅਲੀ ਸ਼ੇਰ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਜ , ਮਿਡ ਡੇ ਮੀਲ ਕੁੱਕ ਬੀਬੀਆਂ, ਅਤੇ ਐਨ ਐਚ ਆਰ ਐਮ ਇੰਪਲਾਈਜ ਫਰੰਟ ਦੇ ਕੱਚੇ ਕਾਮਿਆਂ ਨੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵਲੋਂ ਮੀਟਿੰਗ ਦਾ ਸਮਾਂ ਦੇ ਕੇ ਮਸਲੇ ਦਾ ਹੱਲ ਨਹੀਂ ਕਰਨ ਵਿਰੁੱਧ ਪ੍ਰਦਰਸ਼ਨ ਕਰ ਕੇ ਡਾਕਖਾਨਾ ਚੌਂਕ ਵਿੱਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫ਼ੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਹਾਜ਼ਰ ਪ੍ਰਦਰਸ਼ਨ ਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਜਸਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ 24 ਨਵੰਬਰ ਨੂੰ ਮੀਟਿੰਗ ਦਾ ਲਿਖਤੀ ਸਮਾਂ ਦੇਣ ਦੇ ਬਾਵਜੂਦ ਵੀ ਕੱਚੇ ਤੇ ਮਾਣ ਭੱਤੇ ਦੇ ਆਗੂਆਂ ਨੂੰ ਖਚਲ ਖ਼ੁਆਰ ਕੀਤਾ। ਮੁਲਾਜ਼ਮ ਮੋਰਚੇ ਵਲੋਂ ਲਗਾਤਾਰ ਸੰਘਰਸ਼ ਕਰਨ ਦੀ ਲੜੀ ਵਿੱਚ 5 ਦਿੰਸਬਰ ਨੂੰ ਪੰਜਾਬ ਦੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਵੱਲੋਂ ਜਲੰਧਰ ਵਿਖੇ ਮਹਾਰੈਲੀ ਕੀਤੀ ਜਾ ਰਹੀ ਹੈ।ਸ੍ਰੀਮਤੀ ਗੁਰਵਿੰਦਰ ਕੌਰ ਬਹਿਰਾਮ ਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਤਹਿਤ ਮਹੀਨੇ ਵਾਰ ਤਨਖਾਹ ਦੇਣ, ਕਰੋਨਾ ਟੀਕਾਕਰਨ ਸੈਸ਼ਨ ਦਾ ਮਿਹਨਤਾਨੇ ਦੀ ਰਾਸ਼ੀ ਜਾਰੀ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਮਿਡ ਡੇ ਮੀਲ ਕੁੱਕ ਬੀਬੀਆਂ ਨੂੰ 12 ਮਹੀਨਿਆਂ ਦੀ ਨਿਗੂਣੀ ਜਿਹੀ 2200 ਰੁਪਏ ਦੀ ਤਨਖਾਹ ਸਿਰਫ ਦੱਸ ਮਹੀਨੇ ਤਨਖ਼ਾਹ ਦੇ ਕੇ ਆਰਥਿਕ ਸ਼ੋਸਣ ਕੀਤਾ ਜਾ ਰਿਹਾ ਹੈ। ਐਨ ਐਚ ਆਰ ਐਮ ਦੇ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਰਨਲ ਸਕੱਤਰ ਸ੍ਰੀ ਅਮਰਜੀਤ ਸ਼ਾਸਤਰੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ 36000 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕਰ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਦੋਂ ਕਿ ਅੱਜੇ ਤੱਕ ਕੋਈ ਲਿਖਤੀ ਘੋਸ਼ਣਾ ਨਹੀਂ ਕੀਤੀ ਗਈ। ਪੱਕੇ ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਆਰਥਿਕ ਮਸਲੇ ਹੱਲ ਕਰਨ ਦੀ ਬਜਾਏ ਸੜਕਾਂ ਤੇ ਉਤਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਵਿੰਦਰ ਕੌਰ ਦੁਰਾਂਗਲਾ, ਮੀਰਾਂ ਦੇਵੀ ਕਾਹਨੂੰਵਾਨ, ਪਰਮਜੀਤ ਕੌਰ ਬਾਠਾਂ ਵਾਲ ਡਾਕਟਰ ਸੰਗੀਤਾ ਪਾਲ, ਡਾਕਟਰ ਵਿਕਾਸ ਜੋਹਲ, ਮਨਦੀਪ ਕੌਰ, ਲਖਵਿੰਦਰ ਕੌਰ, ਰਣਜੀਤ ਕੌਰ, ਵੀਨਾ ਕੁਮਾਰੀ, ਪੂਜਾ, ਆਸ਼ਾ ਰਾਣੀ, ਜਸਵਿੰਦਰ ਕੌਰ ਨੇ ਵੀ ਆਪਣੀ ਹਾਜ਼ਰੀ ਲਗਵਾਈ।