ਵੋਟਰ ਜਾਗਰੂਕਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਸ਼ੁਰੂ ਹੋਵੇਗੀ ਰਿਲੇਅ ਦੌੜ : ਸੰਦੀਪ ਸਿੰਘ
ਹੁਸ਼ਿਆਰਪੁਰ, 13 ਨਵੰਬਰ(ਬਿਊਰੋ) : ਆਗਾਮੀ ਵਿਧਾਨ ਚੋਣਾਂ-2022 ਦੇ ਮੱਦੇਨਜ਼ਰ ਵੋਟਰ ਜਾਗਰੂਕਤਾ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟ ਬਨਾਉਣ ਪ੍ਰਤੀ ਅਤੇ ਵੋਟ ਦੇ ਅਧਿਕਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਬਾਲ ਦਿਵਸ ਮੌਕੇ ਐਤਵਾਰ ਨੂੰ ‘ਰਿਲੇਅ ਦੌੜ’ ਕਰਵਾਈ ਜਾ ਰਹੀ ਹੈ, ਜਿਸ ਵਿਚ ਸਕੂਲਾਂ ਦੇ ਚੋਣ ਸਾਖਰਤਾ ਕਲੱਬ ਮੈਂਬਰ ਹਿੱਸਾ ਲੈਣਗੇ।
ਵੋਟਰ ਜਾਗਰੂਕਤਾ ਰਿਲੇਅ ਦੌੜ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਦੌੜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਵਲੋਂ ‘ਵੋਟ ਬਣਵਾਓ ਵੀ ਅਤੇ ਵੋਟ ਪਾਓ ਵੀ’ ਦਾ ਸੁਨੇਹਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਬਾਅਦ ਨਈਂ ਆਬਾਦੀ, ਘੰਟਾ ਘਰ ਚੌਕ, ਰੇਲਵੇ ਮੰਡੀ ਅਤੇ ਖੁਆਸਪੁਰ ਹੀਰਾਂ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਕ ਪੁਆਇੰਟ ਤੋਂ ਬਾਅਦ ਦੂਜੇ ਪੁਆਇੰਟ ’ਤੇ ਅਗਲੇ ਸਕੂਲ ਦੇ ਵਿਦਿਆਰਥੀ ਰਿਲੇਅ ਦੌੜ ਨੂੰ ਅਗਲੇ ਪੜ੍ਹਾਅ ਤੱਕ ਲੈ ਕੇ ਜਾਣਗੇ।