ਨਵਾਂਸ਼ਹਿਰ, 30 ਨਵੰਬਰ : (PPT NEWS )
– ਮਿਰਗੀ ਦੀ ਹਰ ਦਵਾਈ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਈ
– ਪ੍ਰਾਇਮਰੀ ਕੇਅਰ ਵਿੱਚ ਮੈਡੀਕਲ ਸਟਾਫ ਦੀ ਸਮਰੱਥਾ ਵਿਚ ਸੁਧਾਰ ਲਿਆਂਦਾ ਜਾਵੇਗਾ
– ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋੰ ਸ਼ਹੀਦ ਭਗਤ ਸਿੰਘ ਨਗਰ ਵਿੱਚ “ਸਟਾਪ ਐਪੀਲੈਪਸੀ ਪ੍ਰੋਜੈਕਟ” ਦਾ ਉਦਘਾਟਨ
: ਪੰਜਾਬ ਸਰਕਾਰ ਦੇ ਸਹਿਯੋਗ ਨਾਲ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀ.ਐੱਮ.ਸੀ.) ਲੁਧਿਆਣਾ ਵੱਲੋਂ ਡੀ.ਬੀ.ਟੀ. – ਵੈਲਕਮ ਟਰੱਸਟ ਇੰਡੀਆ ਐਲਾਇੰਸ ਦੀ ਫੰਡਿਗ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ “ਸਟੋਪ-ਐਪੀਲੈਪਸੀ ਪ੍ਰੋਜੈਕਟ” ਦੀ ਸ਼ੁਰੂਆਤ ਕੀਤੀ ਹੈ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਅੱਜ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ “ਸਟੋਪ-ਐਪੀਲੈਪਸੀ ਪ੍ਰੋਜੈਕਟ” ਦਾ ਰਸਮੀ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਮਿਰਗੀ ਦੇ ਇਲਾਜ ਪ੍ਰਬੰਧਨ ਲਈ ਪ੍ਰਾਇਮਰੀ ਕੇਅਰ ਵਿੱਚ ਮੈਡੀਕਲ ਸਟਾਫ ਦੀ ਸਮਰੱਥਾ ਵਿਚ ਸੁਧਾਰ ਕਰਨਾ ਹੈ। ਇਹ ਪ੍ਰੋਜੈਕਟ ਮਿਰਗੀ ਤੋੰ ਪੀੜਤ ਲੋਕਾਂ ਦੀ ਦੇਖਭਾਲ ਨੂੰ ਮਿਆਰੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰੇਗਾ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜਨਤਕ ਸਿਹਤ ਸੁਰੱਖਿਆ ਲਈ ਪਹਿਲ ਦੇ ਆਧਾਰ ‘ਤੇ ਮਿਰਗੀ ਦਾ ਇਲਾਜ ਮੁਹੱਈਆ ਕਰਵਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਸ਼ੁਰੂਆਤੀ ਪੜਾਵਾਂ ਵਿੱਚ ਮਿਰਗੀ ਦੇ ਇਲਾਜ ਪ੍ਰਬੰਧਨ ਲਈ ਪ੍ਰਾਇਮਰੀ ਹੈਲਥ ਕੇਅਰ ਵਰਕਰਾਂ ਦੀ ਅਹਿਮ ਭੂਮਿਕਾ ਦੀ ਲੋੜ ‘ਤੇ ਜ਼ੋਰ ਦਿੱਤਾ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਵਿੱਚ ਪੰਜਾਬ ਦੇ ਨਵਾਂਸ਼ਹਿਰ, ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਅਤੇ ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਭੀਮਾਵਰਮ ਸ਼ਾਮਲ ਹਨ।
ਉਨ੍ਹਾਂ ਨੇ ਦੱਸਿਆ ਕਿ ਮਿਰਗੀ (ਐਪੀਲੈਪਸੀ) ਆਪਣੇ-ਆਪ ਵਿੱਚ ਕੋਈ ਰੋਗ ਨਹੀਂ, ਸਗੋਂ ਦਿਮਾਗ ਨਾਲ ਸਬੰਧਿਤ ਤੰਤੂ ਪ੍ਰਣਾਲੀ ਦਾ ਇੱਕ ਵਿਗਾੜ ਹੈ, ਜਿਸ ਵਿੱਚ ਦੌਰੇ ਪੈਂਦੇ ਹਨ। ਮਿਰਗੀ ਦੀ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਪੰਜਾਬ ਦੇ 3 ਲੱਖ ਲੋਕਾਂ ਸਮੇਤ ਦੇਸ਼ ਦੇ ਤਕਰੀਬਨ ਇੱਕ ਕਰੋੜ ਲੋਕਾਂ ਨੂੰ ਇਹ ਰੋਗ ਪ੍ਰਭਾਵਿਤ ਕਰਦਾ ਹੈ। ਸਾਧਾਰਨ, ਸਸਤੀਆਂ ਦਵਾਈਆਂ ਨਾਲ ਇਲਾਜ ਸੰਭਵ ਹੋਣ ਦੇ ਬਾਵਜੂਦ ਇਲਾਜ ਦੇ ਇੱਕ ਵੱਡਾ ਪਾੜਾ ਹੈ। ਇਸ ਰੋਗ ਦੇ 70 ਫੀਸਦੀ ਲੋਕ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ। ਜੇਕਰ ਇਸ ਨੂੰ ਬਿਨਾਂ ਇਲਾਜ ਛੱਡ ਦਿੱਤਾ ਜਾਵੇ ਤਾਂ ਦਵਾ-ਪ੍ਰਤੀਰੋਧਕ ਮਿਰਗੀ ਆਮ ਆਬਾਦੀ ਨਾਲੋਂ ਸਮੇਂ ਤੋਂ ਪਹਿਲਾਂ ਮੌਤ ਦਰ ਦਾ 2-3 ਗੁਣਾ ਵੱਧ ਜੋਖਮ ਪੈਦਾ ਕਰ ਸਕਦੀ ਹੈ। ਹਾਲਾਂਕਿ, ਸਹੀ ਇਲਾਜ ਨਾਲ, ਮਿਰਗੀ ਵਾਲੇ ਮਰੀਜ਼ ਸਿਹਤਮੰਦ ਜੀਵਨ ਜੀਅ ਸਕਦੇ ਹਨ। ਇਸ ਨਾਲ ਮਿਰਗੀ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਦਾ ਸੁਪਨਾ ਸਾਕਾਰ ਹੋਵੇਗਾ।
ਸਿਹਤ ਮੰਤਰੀ ਨੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀ.ਐੱਮ.ਸੀ.ਐੱਚ) ਲੁਧਿਆਣਾ ਦੇ ਮਾਹਰ ਡਾਕਟਰਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਮਿਰਗੀ ਤੋਂ ਪੀੜਤ ਲੋਕਾਂ ਨੂੰ ਬਿਹਤਰੀਨ ਇਲਾਜ ਮਿਲ ਸਕੇਗਾ।
ਇਸੇ ਦੌਰਾਨ ਸਟਾਪ ਐਪੀਲੈਪਸੀ ਟੀਮ ਨੇ ਸਿਹਤ ਮੰਤਰੀ ਨੂੰ ਪੰਜਾਬ ਵਿੱਚ ਜ਼ਰੂਰੀ ਦਵਾਈਆਂ ਦੀ ਸੂਚੀ ਵਿੱਚ ਮਿਰਗੀ ਦੀਆਂ ਹੋਰ ਦਵਾਈਆਂ ਸ਼ਾਮਲ ਕਰਨ ਲਈ ਬੇਨਤੀ ਕੀਤੀ, ਜਿਸ ‘ਤੇ ਸਿਹਤ ਮੰਤਰੀ ਨੇ ਆਪਣੀ ਵਚਨਬੱਧਤਾ ਪ੍ਰਗਟਾਉੰਦੇ ਹੋਏ ਕਿਹਾ ਕਿ ਉਹ ਸਾਰੀਆਂ ਦਵਾਈਆਂ ਜੋ ਮਿਰਗੀ ਦੇ ਮਰੀਜ਼ਾਂ ਦੇ ਇਲਾਜ ਲਈ ਬਿਹਤਰ ਤੇ ਸੁਰੱਖਿਅਤ ਹਨ, ਪੰਜਾਬ ਦੇ ਲੋਕਾਂ ਲਈ ਉਪਲਬੱਧ ਕਰਵਾਈਆਂ ਜਾਣਗੀਆਂ।
ਇਸ ਮੌਕੇ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚ “ਸਟੋਪ-ਐਪੀਲੈਪਸੀ ਪ੍ਰੋਜੈਕਟ” ਦੀ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਤੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀ.ਐੱਮ.ਸੀ.ਐੱਚ) ਲੁਧਿਆਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਲੋੜਵੰਦ ਮਰੀਜ਼ਾਂ ਲਈ ਲਾਹੇਵੰਦ ਸਾਬਤ ਹੋਵੇਗਾ।
ਇਸ ਮੌਕੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਮੁੱਖੀ ਪ੍ਰੋਫੈਸਰ ਡਾ: ਗਗਨਦੀਪ ਸਿੰਘ ਨੇ ਕਿਹਾ ਕਿ ਅਜੇ ਵੀ ਮਿਰਗੀ ਨੂੰ ਸਮਾਜਿਕ ਕਲੰਕ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਹ ਇਲਾਜਯੋਗ ਨਹੀਂ ਹੈ ਅਤੇ ਇਸ ਤੋਂ ਪ੍ਰਭਾਵਿਤ ਲੋਕ ਖੁਸ਼ਹਾਲ ਜੀਵਨ ਨਹੀਂ ਜੀਅ ਸਕਦੇ ਹਨ। ਇਸ ਗਲਤ ਧਾਰਨਾ ਨੂੰ ਦੂਰ ਕਰਨ ਅਤੇ ਮਿਰਗੀ ਦੇ ਪ੍ਰਬੰਧਨ ਲਈ ਪ੍ਰਾਇਮਰੀ ਹੈਲਥ ਵਰਕਰਾਂ ਦੀ ਸਮਰੱਥਾ ਵਿੱਚ ਸੁਧਾਰ ਕਰਨ ਲਈ, ਇਹ ਪ੍ਰੋਜੈਕਟ ਲਾਂਚ ਕੀਤਾ ਗਿਆ ਹੈ। ਡਾ. ਗਗਨਦੀਪ ਨੇ ਅੱਗੇ ਦੱਸਿਆ ਕਿ ਮਿਰਗੀ ਦਿਮਾਗ ਨਾਲ ਸਬੰਧਿਤ ਤੰਤੂ ਪ੍ਰਣਾਲੀ ਦਾ ਇੱਕ ਵਿਗਾੜ ਹੈ ਪਰ ਇਸ ਵਿਕਾਰ ਦੇ ਆਲੇ-ਦੁਆਲੇ ਬਹੁਤ ਸਾਰੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਹਨ। ਇਹ ਮਿੱਥਾਂ ਬਿਨਾਂ ਕਿਸੇ ਠੋਸ ਆਧਾਰ ਦੇ ਹਨ। ਮਿੱਥਾਂ ਅਤੇ ਗਲਤ ਧਾਰਨਾਵਾਂ ਦੇ ਚੱਲਦਿਆਂ ਦੇਸ਼ ਵਿੱਚ ਜ਼ਿਆਦਾਤਰ ਲੋਕ ਮਿਰਗੀ ਦੇ ਇਲਾਜ ਤੋਂ ਦੂਰ ਰਹਿੰਦੇ ਹਨ। ਇਸ ਦਾ ਮਤਲਬ ਹੈ ਕਿ ਮਿਰਗੀ ਵਾਲੇ ਜ਼ਿਆਦਾਤਰ ਮਰੀਜ਼ਾਂ ਨੂੰ ਉਹ ਇਲਾਜ ਨਹੀਂ ਮਿਲਦਾ ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਜਾਂ ਜਿਸਦੇ ਉਹ ਹੱਕਦਾਰ ਹਨ। ਇਹ ਪ੍ਰੋਜੈਕਟ ਮਿਰਗੀ ਵਾਲੇ ਲੋਕਾਂ ਨੂੰ ਬਿਹਤਰ ਦੇਖਭਾਲ ਪ੍ਰਦਾਨ ਕਰੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਮਿਰਗੀ ਦੀ ਬਿਮਾਰੀ ਦੇ ਲੱਛਣਾਂ ਨੂੰ ਪਛਾਣ ਕਰਨਾ ਬੇਹੱਦ ਜ਼ਰੂਰੀ ਹੈ। ਇੱਕਦਮ ਬੇਹੋਸ਼ ਹੋ ਕੇ ਡਿੱਗਣਾ, ਸਰੀਰ ਆਕੜਣਾ, ਝਟਕੇਦਾਰ ਦੌਰੇ ਪੈਣਾ, ਮੂੰਹ ਵਿੱਚੋਂ ਝੱਗ ਨਿਕਲਣਾ, ਦੰਦਲ ਪੈਣਾ, ਪਿਸ਼ਾਬ ਕੱਪੜਿਆਂ ਵਿਚ ਨਿਕਲਣਾ ਅਤੇ ਜੀਭ ਟੁੱਕੀ ਜਾਣਾ ਇਸ ਦੇ ਲੱਛਣਾਂ ਵਿਚ ਸ਼ਾਮਲ ਹਨ। ਮਿਰਗੀ ਦਾ ਦੌਰਾ ਪੈਣ ਦੀ ਹਾਲਤ ਦੌਰਾਨ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਮਰੀਜ਼ ਦੀ ਵਿਗੜ ਰਹੀ ਹਾਲਤ ਨੂੰ ਸੁਧਾਰਿਆ ਜਾ ਸਕਦਾ ਹੈ।
ਉਨ੍ਹਾਂ ਮਿਰਗੀ ਦੇ ਕਾਰਨਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਮਿਰਗੀ ਦੀ ਬਿਮਾਰੀ ਦਿਮਾਗ ਵਿੱਚ ਟਿਊਮਰ ਦਾ ਹੋਣਾ, ਸਿਰ ਦੀ ਸੱਟ ਜਾਂ ਦਿਮਾਗੀ ਤਪਦਿਕ, ਦਿਮਾਗੀ ਤਣਾਅ, ਦਿਮਾਗੀ ਸੋਜਿਸ਼, ਦਿਮਾਗੀ ਲਹੂ ਨਾੜੀਆਂ ਦੇ ਨੁਕਸ, ਮੰਦਬੁੱਧੀ ਹੋਣਾ, ਦਿਮਾਗ ਵਿੱਚ ਲਾਗ ਦਾ ਹੋਣਾ, ਸ਼ਰਾਬ, ਤੇਜ਼ ਦਵਾਈਆਂ ਹੋਰ ਨਸ਼ਿਆਂ ਦੇ ਕਾਰਨ ਵੀ ਹੋ ਸਕਦੀ ਹੈ।
ਇਸ ਮੌਕੇ ਯੂਨੀਵਰਸਿਟੀ ਕਾਲਜ ਆਫ ਲੰਡਨ ਦੇ ਪ੍ਰੋਫੈਸਰ ਡਾ. ਲੇਅ ਸੈਂਡਰ, ਆਕਸਫਾਰਡ ਯੂਨੀਵਰਸਿਟੀ ਦੇ ਡਾ. ਚਾਰਲਸ ਨਿਊਟਨ, ਜਾਰਡ ਇੰਸਟੀਚਿਊਟ ਆਫ ਇੰਡੀਆ ਦੇ ਡਾਇਰੈਕਟਰ ਡਾ. ਪਲਭ ਮੌਲਿਕ, ਡੀ.ਐੱਮ.ਸੀ. ਲੁਧਿਆਣਾ ਦੇ ਪ੍ਰਿੰਸੀਪਲ ਡਾ ਗੁਰਪ੍ਰੀਤ ਸਿੰਘ ਵਾਂਡਰ ਨੇ ਵੀ ਮਿਰਗੀ ਦੇ ਰੋਗੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
ਸਮਾਰੋਹ ਦੇ ਅੰਤ ਵਿੱਚ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਨੇ ਸਮਾਗਮ ਵਿਚ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਮਿਰਗੀ ਦੇ ਰੋਗੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੰਗਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ੍ਰੀ ਸੁਖਵਿੰਦਰ ਕੁਮਾਰ ਸੁੱਖੀ, ਆਮ ਆਦਮੀ ਪਾਰਟੀ ਦੇ ਹਲਕਾ ਨਵਾਂਸ਼ਹਿਰ ਦੇ ਇੰਚਾਰਜ ਲਲਿਤ ਮੋਹਨ ਪਾਠਕ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੀਵ ਵਰਮਾ, ਬਲਾਚੌਰ ਦੇ ਐੱਸ.ਡੀ.ਐੱਮ. ਪ੍ਰੀਤਇੰਦਰ ਸਿੰਘ, ਮੈਨੇਜਿੰਗ ਸਕੱਤਰ ਸ੍ਰੀ ਬਿਪਿਨ ਗੁਪਤਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਰੇਣੂ ਮਿੱਤਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਨਦੀਪ ਕਮਲ, ਸੀ.ਐੱਚ.ਸੀ. ਮੁਕੰਦਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ,
ਪੀ.ਐੱਚ.ਸੀ. ਸੁੱਜੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਚਰਨਜੀਤ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਲਜੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹਰਪ੍ਰੀਤ ਸਿੰਘ, ਰਾਜ ਕੁਮਾਰ, ਗੁਰਕਿਰਪਾਲ ਸਿੰਘ ਸੰਧੂ, ਮਨਿੰਦਰ ਸਿੰਘ, ਨਰਸਿੰਗ ਸਿਸਟਰ ਸਤਵਿੰਦਰ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ, ਕਰਮਚਾਰੀ ਅਤੇ ਸਟੋਪ ਐਪੀਲੈਪਸੀ ਪ੍ਰੋਜੈਕਟ ਦੇ ਸਮੂਹ ਮੈਂਬਰ ਮੌਜੂਦ ਸਨ।
ਸੁਰੱਖਿਆ ਲਈ ਘਰੇਲੂ ਨੁਕਤੇ
ਮਾਹਰਾਂ ਅਨੁਸਾਰ ਮਿਰਗੀ ਦੇ ਲੋਕਾਂ ਨੂੰ ਚੋਟ ਲੱਗ ਸਕਦੀ ਹੈ। ਚੁੱਲ੍ਹੇ ‘ਤੇ ਕੰਮ ਕਰਨ ਵੇਲੇ ਝੁਲਸਣ ਦੀ ਸੰਭਾਵਨਾ ਹੋ ਸਕਦੀ ਹੈ। ਇਹ ਸਭ ਘਰ ਵਿੱਚ ਵੀ ਹੋ ਸਕਦਾ ਹੈ, ਇਸ ਲਈ ਘਰ ਵਿੱਚ ਸੁਰੱਖਿਅਤ ਰਹਿਣ ਲਈ ਹੇਠ ਲਿਖੇ ਨਿਯਮਾਂ ਦੀ ਪਾਲਣਾ ਕਰੋ:-
1. ਜੇਕਰ ਤੁਸੀਂ ਕਮਰੇ ਵਿੱਚ ਇਕੱਲੇ ਹੋ ਜਾਂ ਇਸ਼ਨਾਨ ਘਰ ਵਿੱਚ ਹੋ, ਤਾਂ ਕਮਰੇ ਦੇ ਦਰਵਾਜ਼ੇ ਬੰਦ ਨਾ ਕਰੋ।
2. ਬਾਥ ਟੱਬ ਵਿੱਚ ਨਹਾਉਣ ਸਮੇਂ ਜੇਕਰ ਦੌਰਾ ਪੈਂਦਾ ਹੈ, ਤਾਂ ਡੁੱਬਣ ਦਾ ਖ਼ਤਰਾ ਹੋ ਸਕਦਾ ਹੈ।
3. ਖਾਣਾ ਬਣਾਉਣ ਵੇਲੇ ਉੱਚੇ ਸਟੈਂਡ ’ਤੇ ਬਣਾਉ। ਜੇ ਜ਼ਮੀਨ ’ਤੇ ਚੁੱਲ੍ਹਾ ਹੋਵੇ ਤਾਂ ਮਿਰਗੀ ਦੇ ਦੌਰੇ ਦੌਰਾਨ ਉਸ ‘ਤੇ ਡਿੱਗ ਸਕਦਾ ਹੈ ਅਤੇ ਡਿੱਗ ਕੇ ਜਲ ਸਕਦਾ ਹੈ। ਕੋਸ਼ਿਸ਼ ਕਰੋ ਕਿ ਮਾਈਕ੍ਰੋਵੇਵ ਦੀ ਵਰਤੋਂ ਕੀਤੀ ਜਾਵੇ।
4. ਅੱਗ ਨਾਲ ਸਬੰਧਤ ਜਾਂ ਬਿਜਲੀ ਦਾ ਕੰਮ ਕਰਦੇ ਸਮੇਂ ਮਿਰਗੀ ਦੇ ਪ੍ਰਭਾਵਿਤ ਵਿਅਕਤੀ ਨੂੰ ਦੌਰਾ ਪੈ ਜਾਵੇ ਤਾਂ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਲਈ ਅੱਗ ਨਾਲ ਸਬੰਧਤ ਜਾਂ ਬਿਜਲੀ ਦਾ ਕੰਮ ਨਾ ਕਰੋ।
ਦਵਾਈ ਛੱਡਣ ‘ਤੇ ਕੀ ਹੋ ਸਕਦਾ ?
– ਲਗਾਤਾਰ ਜ਼ਿਆਦਾ ਦੌਰੇ ਪੈਣੇ
ਪੈ ਸਕਦੇ ਹਨ।
– ਹਸਪਤਾਲ ਦਾਖਲ ਹੋਣਾ ਪੈ ਸਕਦਾ ਹੈ।
– ਇਕਦਮ ਐਮਰਜੈਂਸੀ (ਤਤਕਾਲ) ਹਸਪਤਾਲ ਜਾਣਾ ਪੈ ਸਕਦਾ ਹੈ।
– ਦੁਰਘਟਨਾ ਹੋ ਸਕਦੀ ਹੈ, ਜ਼ਖਮੀ ਹੋ ਸਕਦੇ। ਹਨ ਅਤੇ ਅੱਗ ਦੇ ਨੇੜੇ ਖੜ੍ਹੇ ਹੋਣ ਕਾਰਨ ਸੜ ਵੀ ਸਕਦੇ ਹੋ।
– ਅਚਨਚੇਤ ਮੌਤ ਹੋ ਸਕਦੀ ਹੈ।
ਦਵਾਈ ਦੀ ਯਾਦ ਲਈ ਕੀ ਕਰ ਸਕਦੇ ਹਾਂ?
> ਖਾਣੇ ਦੇ ਨਾਲ / ਦੰਦ
ਸਾਫ਼ ਕਰਨ ਵੇਲੇ ਦਵਾਈ ਨਾਲ ਹੀ ਰੱਖ ਸਕਦੇ ਹਾਂ।
> ਅਲਾਰਮ ਲਗਾ ਸਕਦੇ ਹੋ।
> ਆਪਣੇ ਫੋਨ ਵਿੱਚ ਕੋਈ ਐਪ ਲਗਾ ਸਕਦੇ ਹੋ, ਜਿਸ ਵਿੱਚ ਦਵਾਈ ਲੈਣ ਲਈ ਯਾਦ ਕਰਾ ਸਕੇ।
> ਕੋਈ ਵੀ ਪਰਿਵਾਰ ਦਾ ਮੈਂਬਰ ਤੁਹਾਨੂੰ ਦਵਾਈ ਖਾਣ ਲਈ ਯਾਦ ਕਰਾ ਸਕੇ।
> ਤੁਹਾਡਾ ਜੋ ਸਿਹਤ ਸਲਾਹਕਾਰ ਹੈ, ਉਸ ਨਾਲ ਗੱਲਬਾਤ ਕਰ ਸਕਦੇ ਹੋ।








