ਸਬ ਇੰਸਪੈਕਟਰ ਅਵਤਾਰ ਸਿੰਘ ਨੇ ਥਾਣਾ ਪੋਜੇਵਾਲ ਦੇ ਨਵੇਂ ਥਾਣਾ ਮੁਖੀ ਦਾ ਅਹੁਦਾ ਸੰਭਾਲਿਆ
ਬਲਾਚੌਰ, 11 ਜੂਨ (ਜਤਿੰਦਰ ਪਾਲ ਸਿੰਘ ਕਲੇਰ )- ਇਲਾਕੇ ਅੰਦਰ ਨਸ਼ਾ ਵੇਚਣ ਵਾਲਿਆਂ ਤੇ ਹੋਰ ਵੀ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਅਨਸਰ ਨੂੰ ਕਿਸੇ ਕੀਮਤ ‘ਤੇ ਬਖ਼ਸ਼ਿਆਂ ਨਹੀਂ ਜਾਵੇਗਾ ਤੇ ਜੇਕਰ ਕਿਸੇ ਵੀ ਪਿੰਡ ਅੰਦਰ ਕੋਈ ਵਿਅਕਤੀ ਨਸ਼ਾ ਵੇਚਦਾ ਤਾਂ ਲੋਕ ਬੇਝਿਜਕ ਹੋ ਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇਣ ਤੇ ਜਾਣਕਾਰੀ ਦੇਣ ਵਾਲੇ ਦਾ ਨਾਂਅ ਬਿਲਕੁਲ ਗੁਪਤ ਰੱਖਿਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਥਾਣਾ ਪੋਜੇਵਾਲ ਦੇ ਨਵੇਂ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਆਪਣਾ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ਼ ਮਿਲਣੀ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਗਈ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਮੋਟਰਸਾਈਕਲਾਂ ‘ਤੇ ਪਟਾਕੇ ਵਜਾਉਣ, ਬਿਨਾਂ ਕੰਮ ਤੋਂ ਕਾਲਜਾਂ, ਸਕੂਲਾਂ ਅੱਗੇ ਘੁੰਮਣ ਵਾਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਨਾਲ ਪੂਰੀ ਸਖ਼ਤੀ ਨਾਲ ਨਿਪਟਿਆ ਜਾਵੇਗਾ ਤੇ ਇਲਾਕੇ ਅੰਦਰ ਗਲਤ ਅਨਸਰਾਂ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੋਧੀ ਮੁਹਿੰਮ ਵਿਚ ਪੁਲਿਸ ਨੂੰ ਪੂਰਾ ਸਹਿਯੋਗ ਦੇਣ |








