ਗੜ੍ਹਸ਼ੰਕਰ, 12 ਅਗਸਤ (ਅਸ਼ਵਨੀ ਸ਼ਰਮਾ)
-ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਿਹਾ ਹੈ। ਸੂਬੇ ‘ਚ ਕਾਨੂੰਨ ਪ੍ਰਬੰਧਾਂ ਦੀ ਸਥਿਤੀ ਇਸ ਹੱਦ ਤੱਕ ਵਿਗੜ ਗਈ ਹੈ ਕਿ ਨਾ ਸਿਰਫ਼ ਲੋਕਾਂ ਦੀ ਸੁਰੱਖਿਆ ਖਤਰੇ ‘ਚ ਹੈ, ਸਗੋਂ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਵੀ ਅਧੂਰੇ ਲਟਕ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਉਪ ਪ੍ਰਧਾਨ ਰਾਜ ਕੁਮਾਰ ਰਾਣਾ ਨੇ ਕੇਂਦਰੀ ਸੜਕ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵਲੋਂ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ ‘ਤੇ ਪ੍ਰਤੀਕਿਰਿਆ ਦਿੰਦਿਆਂ ਕੀਤਾ। ਰਾਣਾ ਨੇ ਕਿਹਾ ਕਿ ਗਡਕਰੀ ਨੇ ਕਿਹਾ ਹੈ ਕਿ ਜੇਕਰ ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਸੁਧਾਰ ਨਹੀਂ ਹੋਇਆ ਤਾਂ ਭਾਰਤੀ ਕੌਮੀ ਰਾਜਮਾਰਗ ਅਥਾਰਟੀ (ਐਨਐਚਏਆਈ) ਨੂੰ 14,288 ਕਰੋੜ ਰੁਪਏ ਦੇ 8 ਪ੍ਰੋਜੈਕਟ ਰੱਦ ਕਰਨੇ ਪੈਣਗੇ। ਇਸ ਦੇ ਬਾਵਜੂਦ 3, 263 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਪ੍ਰੋਜੈਕਟ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ ਅਤੇ 4,000 ਕਰੋੜ ਰੁਪਏ ਦੇ ਚਾਰ ਹੋਰ ਪ੍ਰਾਜੈਕਟਾਂ ਨੂੰ ਰੱਦ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਅਮਨ
ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਜਿਸ ਨਾਲ ਮਹੱਤਵਪੂਰਨ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਨੂੰ ਸਿੱਧੇ ਤੌਰ ‘ਤੇ ਖਤਰਾ ਹੈ। ਸਥਿਤੀ ਇਸ ਹੱਦ ਤੱਕ ਵਿਗੜ ਗਈ ਹੈ ਕਿ ਠੇਕੇਦਾਰਾਂ ਨੂੰ ਸੁਰੱਖਿਆ ਚਿੰਤਾਵਾਂ ਅਤੇ ਅਣਸੁਲਝੇ ਜ਼ਮੀਨ ਪ੍ਰਾਪਤੀ ਦੇ ਮੁੱਦਿਆਂ ਕਾਰਨ ਪ੍ਰੋਜੈਕਟਾਂ ਤੋਂ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ ਹੈ। ਇਸ ਕਾਰਨ ਸੂਬੇ ‘ਚ ਵਿਕਾਸ ਦੀਆਂ ਸਾਰੀਆਂ ਕੋਸ਼ਿਸ਼ਾਂ ਠੱਪ ਹੋ ਗਈਆਂ ਹਨ।ਰਾਜ ਕੁਮਾਰ ਰਾਣਾ ਨੇ ਕਿਹਾ ਕਿ ਨਿਤਿਨ ਗਡਕਰੀ ਨੇ ਆਪਣੇ ਪੱਤਰ ਵਿਚ ਹਾਲ ਹੀ ਵਿਚ ਦਿੱਲੀ-ਕਟੜਾ ਐਕਸਪ੍ਰੈਸਵੇਅ ਪ੍ਰੋਜੈਕਟ ਵਿਚ ਵਾਪਰੀਆਂ ਦੋ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਜਿਸ ਵਿਚ ਜਲੰਧਰ ਜ਼ਿਲ੍ਹੇ ਵਿਚ ਇੱਕ ਠੇਕੇਦਾਰ ਦੇ ਇੰਜੀਨੀਅਰ ‘ਤੇ ਬੇਰਹਿਮੀ ਨਾਲ ਹਮਲਾ ਅਤੇ ਦੂਜੀ ਘਟਨਾ ‘ਚ ਦਿੱਲੀ-ਕਟੜਾ ਐਕਸਪ੍ਰੈਸਵੇਅ ਤੇ ਇਕ ਪ੍ਰੋਜੈਕਟ ਕੈਂਪ ‘ਤੇ ਸ਼ਰਾਰਤੀ ਅਨਸਰਾਂ ਦਾ ਹਮਲਾ ਸੁਰੱਖਿਆ ਪ੍ਰਬੰਧਾਂ ਲਈ ਖ਼ਤਰਾ ਹੈ। ਸੂਬਾ ਸਰਕਾਰ ਦੀ ਅਣਗਹਿਲੀ ਅਤੇ ਲਾਪਰਵਾਹੀ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਅਤੇ ਭਵਿੱਖ ਨੂੰ ਗੰਭੀਰ ਖਤਰੇ ਵਿਚ ਪਾ ਦਿੱਤਾ ਹੈ। ਰਾਣਾ ਨੇ ਕਿਹਾ ਕਿ ਪੰਜਾਬ ਨੂੰ ਇੱਕ ਅਸਫ਼ਲ ਮੁੱਖ ਮੰਤਰੀ, ਅਸਫ਼ਲ ਮੁੱਖ ਮੰਤਰੀ, ਅਸਫ਼ਲ ਗ੍ਰਹਿ ਮੰਤਰੀ ਅਤੇ ਅਸਫ਼ਲ ਜੇਲ੍ਹ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਸੰਕਟ ਦੀ ਸਥਿਤੀ ‘ਚ ਲਿਆਂਦਾ ਹੈ।








