ਗੜ੍ਹਦੀਵਾਲਾ (ਚੌਧਰੀ)
: ਬੀਤੀ ਦੇਰ ਰਾਤ ਗੜ੍ਹਦੀਵਾਲਾ-ਦਸੂਹਾ ਜੀ.ਟੀ. ਰੋਡ ’ਤੇ ਕਾਲੜਾ ਮੋੜ ਨੇੜੇ ਸੜਕ ਵਿੱਚ ਪਏ ਡੂੰਘੇ ਟੋਇਆਂ ਕਾਰਨ ਸੋਮਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਵਿਚ ਸਕੂਟਰੀ ਸਵਾਰ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ ਪਿੰਡ ਬਾਹਲੇ ਦੇ ਨੌਜਵਾਨ ਅਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।ਮ੍ਰਿਤਕ ਲੜਕੀ ਪਿੰਡ ਜੰਡੋਰ ਦੀ ਦੱਸੀ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸਕੂਟਰੀ ਸੜਕ ਵਿੱਚ ਪਏ ਟੋਇਆਂ ਕਾਰਨ ਬੇਕਾਬੂ ਹੋ ਗਈ ਅਤੇ ਸਾਹਮਣੇ ਤੋਂ ਆ ਰਹੀ ਸਕਾਰਪੀਓ-ਐਨ ਗੱਡੀ ਨਾਲ ਟਕਰਾ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਦੇ ਪ੍ਰਧਾਨ ਮਨਜੋਤ ਤਲਵੰਡੀ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਸੂਹਾ ਪਹੁੰਚਾਉਣ ਵਿੱਚ ਪਹਿਲਕਦਮੀ ਕੀਤੀ ਗਈ । ਹਸਪਤਾਲ ਪਹੁੰਚਣ ’ਤੇ ਲੜਕੀ ਦੀ ਮੌਤ ਹੋ ਚੁੱਕੀ ਸੀ, ਜਦਕਿ ਨੌਜਵਾਨ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ।ਗੜ੍ਹਦੀਵਾਲਾ ਪੁਲਿਸ ਵਲੋਂ ਇਸ ਸਾਰੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।








