ਗੜ੍ਹਦੀਵਾਲਾ 5 ਅਕਤੂਬਰ (ਪ੍ਰਦੀਪ ਕੁਮਾਰ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਕੈਮਿਸਟਰੀ ਵਿਭਾਗ ਦੀ ‘ਸੀ. ਵੀ. ਰਮਨ ਸੁਸਾਇਟੀ ਆਫ਼ ਕੈਮੀਕਲ ਸਾਇੰਸਜ਼’ ਵੱਲੋਂ ‘ਸੋਲਿਡ ਵੇਸਟ ਮੈਨੇਜਮੈਂਟ’ (ਠੋਸ ਕੂੜਾ ਪ੍ਰਬੰਧਨ) ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਸੁਚੱਜਾ ਸੰਚਾਲਨ ਡਾ. ਰਾਬੀਆ ਸ਼ਰਮਾ (ਅਸਿਸਟੈਂਟ ਪ੍ਰੋਫੈਸਰ, ਕੈਮਿਸਟਰੀ) ਦੀ ਦੇਖ-ਰੇਖ ਹੇਠ ਹੋਇਆ। ਇਸ ਮੌਕੇ ਮੁੱਖ ਬੁਲਾਰੇ ਡਾ. ਪੰਕਜ ਸ਼ਰਮਾ (ਅਸਿਸਟੈਂਟ ਪ੍ਰੋਫੈਸਰ, ਕੈਮਿਸਟਰੀ) ਨੇ ਪਾਵਰਪੁਆਇੰਟ ਪ੍ਰੈਜ਼ੈਂਟੇਸ਼ਨ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੂੰ ਕੂੜੇ ਦੀਆਂ ਵੱਖ-ਵੱਖ ਕਿਸਮਾਂ—ਜਿਵੇਂ ਕਿ ਜੈਵਿਕ, ਅਜੈਵਿਕ, ਖਤਰਨਾਕ ਅਤੇ ਈ-ਵੇਸਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੂੜੇ ਨੂੰ ਸਰੋਤ ‘ਤੇ ਹੀ ਵੱਖ-ਵੱਖ ਕਰਨ ਲਈ ਰੰਗ-ਅਧਾਰਿਤ ਡਸਟਬਿਨਾਂ ਦੀ ਵਰਤੋਂ ਅਤੇ ‘3Rs’ (Reduce, Reuse, Recycle) ਦੇ ਸਿਧਾਂਤ ਨੂੰ ਅਮਲੀ ਰੂਪ ਵਿੱਚ ਅਪਣਾਉਣ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਭਾਰਤ ਵਿੱਚ ਕੂੜਾ ਪ੍ਰਬੰਧਨ ਦੀ ਸਥਿਤੀ ਦੀ ਤੁਲਨਾ ਜਪਾਨ ਅਤੇ ਜਰਮਨੀ ਵਰਗੇ ਵਿਸ਼ਵ ਦੇ ਬਿਹਤਰੀਨ ਮਾਡਲਾਂ ਨਾਲ ਕਰਦਿਆਂ ਅੰਕੜਿਆਂ ਸਮੇਤ ਇਸ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਇਆ।
ਡਾ. ਪੰਕਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿੱਚ ‘ਹਾਊਸਹੋਲਡ ਸੁਪਰਵਾਈਜ਼ਰ’ ਵਜੋਂ ਜਿੰਮੇਵਾਰੀ ਸੰਭਾਲਣ ਅਤੇ ਘੱਟੋ-ਘੱਟ 5 ਗੁਆਂਢੀ ਘਰਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ‘ਅਵੇਅਰਨੈੱਸ ਚੇਨ’ ਰਾਹੀਂ ਇਹ ਸੁਨੇਹਾ ਪੂਰੇ ਸਮਾਜ ਤੱਕ ਪਹੁੰਚ ਸਕੇ।
ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਸਵਾਲ-ਜਵਾਬ ਸੈਸ਼ਨ ਵਿੱਚ ਉਤਸ਼ਾਹਪੂਰਵਕ ਭਾਗ ਲਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੈਮਿਸਟਰੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਅਤੇ ਸਮਾਜਿਕ ਜਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਅਤਿ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ।







